ਸ੍ਰੀ ਮੁਕਤਸਰ ਸਾਹਿਬ/ ਗੁਰਦਾਸਪੁਰ : ਅੰਮ੍ਰਿਤਪਾਲ ਸਿੰਘ ਦੇ ਮੁਖੀ ਵਾਰਿਸ ਪੰਜਾਬ ਦੇ ਸਮਰਥਕਾਂ ਨੇ ਲਵਪ੍ਰੀਤ ਤੂਫਾਨ ਦੀ ਰਿਹਾਈ ਨੂੰ ਲੈ ਕੇ ਬੀਤੇ ਸ਼ੁੱਕਰਵਾਰ ਨੂੰ ਅਜਨਾਲਾ ਥਾਣੇ ਦੀ ਘੇਰਾਬੰਦੀ ਦੌਰਾਨ ਤੇਜ਼ਧਾਰ ਹਥਿਆਰਾਂ, ਇੱਟਾਂ ਅਤੇ ਪੱਥਰਾਂ ਦੀ ਵਰਤੋਂ ਕੀਤੀ ਸੀ। ਭਵਿੱਖ ਵਿੱਚ ਅਜਿਹੇ ਹਿੰਸਕ ਪ੍ਰਦਰਸ਼ਨਕਾਰੀਆਂ ਦਾ ਮੁਕਾਬਲਾ ਕਰਨ ਲਈ, ਪੰਜਾਬ ਪੁਲਿਸ ਨੂੰ ਹੁਣ ਸਿੱਖ ਯੋਧਿਆਂ ਵੱਲੋਂ ਅਭਿਆਸ ਕੀਤੇ ਗਏ ਸਦੀਆਂ ਪੁਰਾਣੀ ਗਤਕਾ ਮਾਰਸ਼ਲ ਆਰਟ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਅਜਨਾਲਾ ਘਟਨਾ 'ਚ 6 ਪੁਲਿਸ ਮੁਲਾਜ਼ਮ ਹੋਏ ਸੀ ਜਖ਼ਮੀ : ਅਜਨਾਲਾ ਪੁਲਿਸ ਸਟੇਸ਼ਨ ’ਤੇ ਹੋਏ ਹਮਲੇ ਤੋਂ ਉਭਰਨ ਦੇ ਬਾਵਜੂਦ ਪੰਜਾਬ ਪੁਲੀਸ ਹੁਣ ਨਿਹੰਗ ਸਿੱਖ ਯੋਧਿਆਂ ਵੱਲੋਂ ਕੀਤੇ ਗਏ ‘ਗਤਕਾ’ ਮਾਰਸ਼ਲ ਆਰਟ ਨੂੰ ਮੁੜ ਤੋਂ ਦੇਖ ਰਹੀ ਹੈ, ਤਾਂ ਜੋ ਭਵਿੱਖ ਵਿੱਚ ਪ੍ਰਦਰਸ਼ਨ, ਮੁਜ਼ਾਹਰੇ ਦੌਰਾਨ ਅਜਿਹੇ ਅਚਨਚੇਤ ਹਿੰਸਕ ਭੀੜ ਨੂੰ ਨੱਥ ਪਾਉਣ ਲਈ ਜਵਾਨਾਂ ਨੂੰ ਤਿਆਰ ਕੀਤਾ ਜਾ ਸਕੇ। ਅਧਿਕਾਰੀਆਂ ਨੇ ਪਿਛਲੇ ਸ਼ੁੱਕਰਵਾਰ ਨੂੰ ਵਾਰਿਸ ਪੰਜਾਬ ਦੇ ਸਮਰਥਕਾਂ ਨੂੰ ਥਾਣੇ ਦਾ ਘਿਰਾਓ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਭੀੜ ਨੇ 6 ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ।
ਮੋਕ ਡਰਿੱਲ ਤੇ ਖਾਸ ਟ੍ਰੇਨਿੰਗ : ਗੁਰਦਾਸਪੁਰ ਦੇ ਐਸਐਸਪੀ ਹਰੀਸ਼ ਕੁਮਾਰ ਨੇ ਦੱਸਿਆ ਕਿ ਪ੍ਰਦਰਸ਼ਨਾਂ ਤੇ ਹੋਰ ਹਿੰਸਕ ਸਥਿਤੀਆਂ ਮੌਕੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਮੋਕ ਡਰਿੱਲ ਕਰਵਾਈ ਜਾ ਰਹੀ ਹੈ। ਇਸ ਵਿੱਚ ਦੱਸਿਆ ਜਾ ਰਿਹਾ ਕਿ ਕਦੋਂ ਪੁਲਿਸ ਨੇ ਆਪਣੇ ਬਲ ਦੀ ਵਰਤੋਂ, ਕਿਸ ਤਰ੍ਹਾਂ ਕਰਨੀ ਹੈ। ਇਸ ਦੀ ਵੀ ਖਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਦੱਸ ਦਈਏ ਕਿ ਡੀਜੀਪੀ ਗੌਰਵ ਯਾਦਵ ਨੇ ਵੀ ਆਪਣਾ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਥਾਣੇ 'ਤੇ ਹਮਲੇ ਦੌਰਾਨ ਤੇਜ਼ਧਾਰ ਹਥਿਆਰਾਂ, ਇੱਟਾਂ ਅਤੇ ਪੱਥਰਾਂ ਦੀ ਵਰਤੋਂ ਕੀਤੀ ਅਤੇ ਕਾਇਰਤਾ ਭਰਿਆ ਤਰੀਕਾ ਅਪਣਾਇਆ।
ਪੁਲਿਸ ਨੂੰ ਗਤਕਾ ਟ੍ਰੇਨਿੰਗ : ਦੂਜੇ ਪਾਸੇ, ਸ੍ਰੀ ਮੁਕਤਸਰ ਸਾਹਿਬ ਦੇ ਡੀਐਸਪੀ ਅਵਤਾਰ ਸਿੰਘ ਨੇ ਵੀ ਦੱਸਿਆ ਕਿ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੀ ਸਰੀਰਕ ਫਿਟਨੇਸ ਵਧੀਆ ਕਰਨ ਤੇ ਦੰਗਾ ਜਾਂ ਪ੍ਰਦਰਸ਼ਨ ਦੌਰਾਨ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਮਾਰਸ਼ਲ ਆਰਟ ਗਤਕਾ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮਾਰਸ਼ਲ ਆਰਟ ਗਤਕਾ ਰਾਹੀਂ ਪੰਜਾਬ ਪੁਲਿਸ ਹੋਰ ਵਧੀਆ ਤਰੀਕੇ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ।
ਅਜਿਹੀਆਂ ਅਣਕਿਆਸੇ ਸਥਿਤੀਆਂ ਦਾ ਮੁਕਾਬਲਾ ਕਰਨ ਲਈ, ਪੰਜਾਬ ਪੁਲਿਸ ਨੇ ਜਵਾਨਾਂ ਨੂੰ ਮਾਰਸ਼ਲ ਆਰਟਸ, ਖਾਸ ਕਰਕੇ ਗੱਤਕੇ ਵਿੱਚ ਚੰਗੀ ਤਰ੍ਹਾਂ ਸਿਖਲਾਈ ਦੇਣ ਦਾ ਫੈਸਲਾ ਕੀਤਾ। ਭੱਵਿਖ ਵਿੱਚ, ਪ੍ਰਦਰਸ਼ਨਕਾਰੀ ਹਿੰਸਕ ਭੀੜ ਤੋਂ ਨਜਿੱਠਣ ਲਈ ਪੰਜਾਬ ਪੁਲਿਸ ਨੇ ਗੱਤਕੇ ਦੀ ਸਿਖਲਾਈ ਨਾਲ ਆਪਣੇ ਆਪ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਪਹਿਲਕਦਮੀ ਚੁੱਕੀ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਸੂਬੇ ਦੇ ਹੋਰ ਵੀ ਕਈ ਥਾਣਿਆਂ ਵਿੱਚ ਗਤਕਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab Govt Expenditure : ਇਸ ਖਾਸ ਮੌਕੇ ਪੰਜਾਬ ਸਰਕਾਰ ਨੇ ਇਸ਼ਤਿਹਾਰਾਂ 'ਤੇ ਖ਼ਰਚੇ 16 ਕਰੋੜ, ਉਹ ਵੀ ਇੱਕ ਦਿਨ 'ਚ !