ਸ੍ਰੀ ਮੁਕਤਸਰ ਸਾਹਿਬ:ਜ਼ਿਲ੍ਹੇ ਦੇ ਨੇੜਲੇ ਪਿੰਡ ਸੰਮੇਂਵਾਲੀ ਦੇ ਨੇੜੇ ਭਾਗਸਰ ਰਜਵਾਹੇ ਵਿੱਚ ਸਵੇਰੇ ਪਾੜ ਪੈ ਗਿਆ ।ਰਜਵਾਹੇ ਦੇ ਟੁੱਟਣ ਦੇ ਕਾਰਨ ਪਾਣੀ ਦਾ ਵਹਾਅ ਕਿਸਾਨਾਂ ਦੇ ਖੇਤਾਂ ਵੱਲ ਨੂੰ ਹੋ ਗਿਆ। ਜਿਸ ਕਰਕੇ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਫਸਲਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ । ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਰਾਤ ਵੇਲੇ ਖੁੜੰਜ ਮਾਈਨਰ ਵਾਲੀ ਕੱਸੀ ਵੀ ਟੁੱਟ ਗਈ ਸੀ ਤੇ ਇਸ ਪਾਣੀ ਨੇ ਵੀ ਖੇਤਾਂ ਵਿੱਚ ਨਰਮੇ ਦੀ ਫ਼ਸਲ ਦਾ ਕਾਫੀ ਨੁਕਸਾਨ ਕਰ ਦਿੱਤਾ ਸੀ।
ਕਿਸਾਨਾਂ ਦੇ ਦੱਸਣ ਦੇ ਮੁਤਾਬਿਕ ਪਿੰਡ ਦੇ 40 ਤੋਂ 50 ਏਕੜ ਜ਼ਮੀਨ ਦਾ ਰਕਬਾ ਇਸ ਰਜਵਾਹੇ ਵਿੱਚ ਪਾੜ ਪੈਣ ਕਰਕੇ ਪਾਣੀ ਦੀ ਮਾਰ ਹੇਠ ਆ ਗਿਆ ਹੈ ਜਿਸ ਕਰਕੇ ਉਨ੍ਹਾਂ ਦੀਆਂ ਫਸਲਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ।ਉਨ੍ਹਾਂ ਕਿਹਾ ਕਿ ਰਜਵਾਹੇ ਵਿੱਚ ਠੋਕਰ ਕੋਲ ਖੰਭਾ ਡਿੱਗ ਪਿਆ ਸੀ ਤੇ ਕੁਝ ਦਰਖ਼ਤ ਵੀ ਡਿੱਗ ਪਏ ਸਨ । ਪਾਣੀ ਦਾ ਪੱਧਰ ਬਹੁਤ ਜ਼ਿਆਦਾ ਸੀ ।ਉਨ੍ਹਾਂ ਕਿਹਾ ਕਿ ਸਬੰਧਿਤ ਮਹਿਕਮੇ ਨੂੰ ਇਸ ਸਬੰਧੀ ਸੂਚਿਤ ਵੀ ਕੀਤਾ ਗਿਆ ਸੀ ਕਿ ਪਾਣੀ ਘਟਾਇਆ ਜਾਵੇ ਪਰ ਗੱਲ ਹੀ ਨਹੀਂ ਸੁਣੀ ਗਈ ਤੇ ਪਾਣੀ ਬੰਦ ਨਹੀਂ ਕੀਤਾ ਗਿਆ।
ਉਨ੍ਹਾਂ ਦੋਸ਼ ਲਗਾਇਆ ਕਿ ਵਿਭਾਗ ਦੀ ਵੱਡੀ ਅਣਗਹਿਲੀ ਦੇ ਕਾਰਨ ਇਹ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਰਮੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ ਹੈ । ਕਿਸਾਨਾਂ ਦੇ ਦੱਸਣ ਅਨੁਸਾਰ ਨਹਿਰ ਵਿਭਾਗ ਵੱਲੋਂ ਕੋਈ ਮੁਲਾਜ਼ਮ ਜਾਂ ਕਰਮਚਾਰੀ ਉੱਥੇ ਨਹੀਂ ਪੁੱਜਾ ਸੀ ਤੇ ਰਜਵਾਹੇ ਵਿੱਚ ਪਾਣੀ ਵੀ ਬੰਦ ਨਹੀਂ ਕੀਤਾ ਗਿਆ ਸੀ।ਕਿਸਾਨਾਂ ਨੇ ਦੱਸਿਆ ਕਿ ਕੱਸੀ ਵਿੱਚ ਪਏ ਪਾੜ ਨੂੰ ਕਿਸਾਨਾਂ ਵੱਲੋਂ ਆਪ ਹੀ ਮਿੱਟੀ ਦੇ ਗੱਟੇ ਭਰ ਕੇ ਬੰਨ੍ਹਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ:ਨਰਸਿੰਗ ਅਫ਼ਸਰ ਨੇ ਕਬਾੜ ਤੋਂ ਘਰ ‘ਚ ਹੀ ਤਿਆਰ ਕੀਤਾ ਮਿੰਨੀ ਰੌਕ ਗਾਰਡਨ