ਸ੍ਰੀ ਮੁਕਤਸਰ ਸਾਹਿਬ: ਵਿਧਾਨ ਸਭਾ ਹਲਕਾ ਲੰਬੀ ਅਧੀਨ ਪੈਂਦੇ ਪਿੰਡ ਘੁਮਿਆਰਾ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਪਿੰਡ ਦੇ ਕੁਝ ਧਨਾਢ ਲੋਕਾਂ ਵੱਲੋਂ ਪਿੰਡ ਦੇ ਹੀ ਇੱਕ ਵਿਅਕਤੀ ਦਾ ਮੂੰਹ ਕਾਲਾ ਕਰਕੇ ਉਸ ਦੇ ਹੱਥਾਂ ਨੂੰ ਡੰਡੇ ਅਤੇ ਸੰਗਲ਼ ਨਾਲ ਬੰਨ੍ਹ ਕੇ ਸਾਰੇ ਪਿੰਡ ਵਿੱਚ ਘੁਮਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਮਾਮਲਾ ਅੱਜ ਤੋਂ ਦਸ ਦਿਨ ਪੁਰਾਣਾ ਹੈ। ਪਰ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਉਪਰੰਤ ਇਹ ਮਾਮਲਾ ਸੁਰਖੀਆਂ ਵਿੱਚ ਆ ਗਿਆ।
ਇਸ ਮਾਮਲੇ ਦੇ ਵਰਤਾਰੇ ਨੂੰ ਅੰਜਾਮ ਦੇਣ ਵਾਲੇ ਪਿੰਡ ਘੁਮਿਆਰਾ ਦੀ ਔਰਤ ਸਰਪੰਚ ਦੇ ਪਤੀ ਕੁਲਵੰਤ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਆਖਿਆ ਕਿ ਸੁਖਪਾਲ ਸਿੰਘ ਪਿੰਡ ਦੀਆਂ ਔਰਤਾਂ ਬਾਰੇ ਅਪਸ਼ਬਦ ਬੋਲਦਾ ਸੀ, ਜਿਸ ਕਰਕੇ ਉਸ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ।
ਪਿੰਡ ਘੁਮਿਆਰਾ ਦੀ ਸਰਪੰਚ ਦੇ ਪਤੀ ਕੁਲਵੰਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਮਾਰਕੁੱਟ ਅਤੇ ਜ਼ਲਾਲਤ ਦਾ ਸ਼ਿਕਾਰ ਹੋਏ ਪੀੜਤ ਸੁਖਪਾਲ ਸਿੰਘ ਨੇ ਆਖਿਆ ਕਿ ਪਿੰਡ ਦੇ ਕੁਝ ਲੋਕਾਂ ਨੇ ਉਸ ਨਾਲ ਪੁਰਾਣੀ ਰੰਜਿਸ਼ ਦੇ ਚਲਦਿਆਂ ਅਜਿਹਾ ਵਰਤਾਰਾ ਕੀਤਾ ਹੈ। ਇਸ ਸਬੰਧੀ ਉਕਤ ਸਾਰੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਪੁਲਿਸ ਥਾਣਾ ਲੰਬੀ ਦੀ ਚੌਕੀ ਮੰਡੀ ਕਿੱਲਿਆਂਵਾਲੀ ਅਧੀਨ ਪੈਂਦੇ ਪਿੰਡ ਘੁਮਿਆਰਾ ਵਿਖੇ ਹੋਏ ਇਸ ਗ਼ੈਰ-ਮਨੁੱਖੀ ਵਰਤਾਰੇ ਸਬੰਧੀ ਬੋਲਦਿਆਂ ਪੁਲਿਸ ਕਪਤਾਨ ਅਤੇ ਅਰਜੁਨ ਅਵਾਰਡੀ ਖਿਡਾਰੀ ਰਾਜਪਾਲ ਸਿੰਘ ਹੁੰਦਲ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਜਿਹਾ ਸ਼ਰਮਨਾਕ ਵਰਤਾਰਾ ਸਾਡੇ ਸਮੁੱਚੇ ਸਿਸਟਮ ਦੇ ਮੂੰਹ 'ਤੇ ਕਰਾਰੀ ਚਪੇੜ ਹੈ। ਪੀੜਤ ਵਿਅਕਤੀ ਅਤੇ ਪਿੰਡ ਘੁਮਿਆਰਾ ਦੀ ਸਰਪੰਚ ਔਰਤ ਦੇ ਪਤੀ ਮੁਤਾਬਕ ਸੁਖਪਾਲ ਸਿੰਘ ਨੂੰ ਪੁਲਿਸ ਚੌਕੀ ਕਿੱਲਿਆਂਵਾਲੀ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਪਰ ਪੁਲਿਸ ਨੇ ਇਸ ਮਾਮਲੇ ਵਿੱਚ ਜੋ ਕਾਰਵਾਈ ਕੀਤੀ ਹੈ ਉਹ ਸਭ ਦੇ ਸਾਹਮਣੇ ਹੈ। ਜੇਕਰ ਇਸ ਅਣਮਨੁੱਖੀ ਵਰਤਾਰੇ ਤੋਂ 10 ਦਿਨ ਬਾਅਦ ਇਸ ਦੀ ਵੀਡੀਓ ਵਾਇਰਲ ਨਾ ਹੁੰਦੀ ਤਾਂ ਇਹ ਮਾਮਲਾ ਖ਼ਤਮ ਹੋ ਜਾਣਾ ਸੀ। ਪਰ ਹੁਣ ਪੀੜਤ ਵਿਅਕਤੀ ਸੁਖਪਾਲ ਸਿੰਘ ਇਨਸਾਫ਼ ਦੀ ਮੰਗ ਕਰ ਰਿਹਾ ਹੈ।