ਸ੍ਰੀ ਮੁਕਤਸਰ ਸਾਹਿਬ: ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ, ਜਿਸ ਦੀ ਕਵਰੇਜ ਕਰਨ ਗਏ ਮੀਡੀਆ ਕਰਮੀਆਂ ਉੱਤੇ ਇੱਕ ਧਿਰ ਵੱਲੋਂ ਇੱਟਾਂ ਦਾ ਪਥਰਾਅ ਕੀਤਾ ਗਿਆ।
ਤੁਹਾਨੂੰ ਦੱਸ ਦਈਏ ਕਿ ਇੱਕ ਪਲਾਟ ਦੇ ਗੇਟ ਦੀ ਉਸਾਰੀ ਕਰਨ ਨੂੰ ਲੈ ਕੇ ਸਰਕਾਰੀ ਹਸਪਤਾਲ ਦਾ ਡਾਕਟਰ ਅਤੇ ਇੱਕ ਫ਼ੌਜੀ ਕਲਰਕ ਵਿਚਕਾਰ ਮਸਲਾ ਕਾਫ਼ੀ ਭੱਖ ਗਿਆ।
ਮਾਮਲੇ ਬਾਰੇ ਦੱਸਦਿਆਂ ਡਾਕਟਰ ਅਰਪਨ ਬਰਾੜ ਨੇ ਦੱਸਿਆ ਕਿ ਉਹ ਇਸ ਥਾਂ ਉੱਤੇ ਪਿਛਲੇ 17 ਸਾਲ ਤੋਂ ਰਹਿ ਰਿਹਾ ਹੈ। ਬਰਾੜ ਦਾ ਕਹਿਣਾ ਹੈ ਕਿ ਲਵਪ੍ਰੀਤ ਸਿੰਘ ਨੇ ਉਨ੍ਹਾਂ ਦੇ ਘਰ ਦੇ ਗੇਟ ਨੂੰ ਇੱਟਾਂ ਦੀ ਚਿਣਵਾਈ ਨਾਲ ਬੰਦ ਕਰਵਾ ਦਿੱਤਾ, ਜਿਸ ਤੋਂ ਬਾਅਦ ਉਸ ਨੇ ਮਜ਼ਦੂਰਾਂ ਦੀ ਮਦਦ ਨਾਲ ਇਸ ਕੰਧ ਨੂੰ ਢਾਹ ਕੇ ਗੇਟ ਨੂੰ ਖੁਲ੍ਹਵਾਇਆ ਹੈ।
ਬਰਾੜ ਨੇ ਲਵਪ੍ਰੀਤ ਉੱਤੇ ਦੋਸ਼ ਲਾਏ ਹਨ ਕਿ ਉਹ ਇਸ ਗਲੀ ਵਾਲੀ ਸਰਕਾਰੀ ਜ਼ਮੀਨ ਉੱਤੇ ਕੰਧ ਕਰ ਕੇ ਉਸ ਨੂੰ ਹੜੱਪਣਾ ਚਾਹੁੰਦਾ ਹੈ, ਜਦਕਿ ਕਾਗਜ਼ਾਂ ਵਿੱਚ ਇਹ ਜ਼ਮੀਨ ਗਲੀ ਵਜੋਂ ਦਿਖਾਈ ਗਈ ਹੈ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਇਤਲਾਹ ਵੀ ਦਿੱਤੀ, ਪਰ ਮੌਕੇ ਉੱਤੇ ਪਹੁੰਚ ਕੇ ਪੁਲਿਸ ਨੇ ਉੱਥੇ ਖੜ੍ਹ ਕੇ ਇਸ ਕੰਧ ਦੀ ਉਸਾਰੀ ਕਰਵਾਈ ਹੈ।
ਡਾਕਟਰ ਅਰਪਨ ਬਰਾੜ ਨੇ ਆਖਿਆ ਕਿ ਲਵਪ੍ਰੀਤ ਦੇ ਪਰਿਵਾਰ ਦੀ ਰਜਿਸਟਰੀ ਵਿੱਚ ਵੀ ਇਸ ਜਗ੍ਹਾ ਨੂੰ ਗਲੀ ਹੀ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਗੇਟ ਦਾ ਕਈ ਸਾਲਾਂ ਤੋਂ ਲੱਗਿਆ ਹੋਇਆ ਸੀ।
ਬਰਾੜ ਨੇ ਇਸ ਮਾਮਲੇ ਵਿੱਚ ਲਵਪ੍ਰੀਤ ਸਮੇਤ ਮੌਕੇ ਉੱਤੇ ਪਹੁੰਚੇ ਐੱਸ.ਐੱਚ.ਓ ਮੋਹਨ ਸਿੰਘ ਉੱਤੇ ਦੋਸ਼ ਲਾਏ ਹਨ ਕਿ ਇਹ ਸਾਰਾ ਕੁੱਝ ਉਨ੍ਹਾਂ ਕਰ ਕੇ ਹੀ ਹੋ ਰਿਹਾ ਹੈ। ਉਸ ਦੀ ਮੰਗ ਹੈ ਕਿ ਉਸ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਇਸ ਗ਼ੈਰ-ਕਾਨੂੰਨੀ ਤਰੀਕੇ ਜ਼ਮੀਨ ਉੱਤੇ ਕੀਤੇ ਜਾ ਰਹੇ ਕਬਜ਼ੇ ਨੂੰ ਹਟਾਇਆ ਜਾਵੇ।
ਕੀ ਕਹਿਣਾ ਹੈ ਓਏਐੱਸਆਈ ਲਵਪ੍ਰੀਤ ਦਾ
ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇੱਥੇ ਕੋਈ ਗਲੀ ਨਹੀਂ ਹੈ, ਇਹ ਉਨ੍ਹਾਂ ਦਾ ਪਲਾਂਟ ਹੈ। ਉਨ੍ਹਾਂ ਨੇ ਇਸ 15 ਮਰਲੇ ਦੇ ਪਲਾਟ ਨੂੰ ਪੈਸਿਆਂ ਨਾਲ ਖ਼ਰੀਦਿਆ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਪਲਾਟ ਵਿੱਚ ਕਿਸੇ ਦਾ ਵੀ ਗੇਟ ਨਹੀਂ ਖੁੱਲ੍ਹਣ ਦੇਣਗੇ। ਉਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੀ.ਐੱਸ.ਪੀ ਵੱਲੋਂ ਪੜਤਾਲ ਵੀ ਕੀਤੀ ਜਾ ਚੁੱਕੀ ਹੈ, ਉਸ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਚਿਣਵਾਈ ਦਾ ਕੰਮ ਸ਼ੁਰੂ ਕਰਵਾਇਆ ਹੈ।
ਐੱਸ.ਐੱਚ.ਓ ਮੋਹਨ ਸਿੰਘ ਦਾ ਕੀ ਕਹਿਣਾ ਹੈ
ਥਾਣਾ ਸਿਟੀ ਵਿਖੇ ਬਤੌਰ ਐੱਸ.ਐੱਚ.ਓ ਤਾਇਨਾਤ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਪਲਾਟ ਬਾਰੇ ਵਿਵਾਦ ਦੀ ਇਤਲਾਹ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਇਸ ਨਿਰਮਾਣ ਦੇ ਕੰਮ ਨੂੰ ਰੁਕਵਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੀਡੀਆ ਕਰਮੀਆਂ ਉੱਤੇ ਹਮਲਾ
ਐੱਸ.ਐੱਚ.ਓ ਦਾ ਇਹ ਵੀ ਕਹਿਣਾ ਹੈ ਕਿ ਇਥੇ ਸਥਿਤੀ ਜਿਉਂ ਦੀ ਤਿਉਂ ਹੈ, ਪਰ ਮੌਕੇ ਦੀ ਵੀਡੀਓ ਦੇਖਣ ਤਾਂ ਹਾਲਾਤ ਕੁੱਝ ਹੋਰ ਹੀ ਲੱਗਦੇ ਹਨ। ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਮੀਡੀਆ ਕਰਮੀ ਉੱਕਤ ਮਾਮਲੇ ਦੀ ਕਰਵੇਜ ਕਰਨ ਲਈ ਪਹੁੰਚੇ ਤਾਂ ਲਵਪ੍ਰੀਤ ਸਿੰਘ ਦੀ ਧਿਰ ਵੱਲੋਂ ਉਨ੍ਹਾਂ ਉੱਤੇ ਪਥਰਾਅ ਵੀ ਕੀਤਾ ਗਿਆ।