ਸ਼੍ਰੀ ਮੁਕਤਸਰ ਸਾਹਿਬ: ਬੀਤੇ ਦੋ ਦਿਨ੍ਹਾਂ ਤੋਂ ਹੋ ਰਹੀ ਬਾਰਿਸ਼ ਅਤੇ ਝੱਖੜ ਨੇ ਕਿਸਾਨਾਂ ਦੇ ਸਾਹ ਸੁਕਾਏ ਹੋਏ ਹਨ। ਮੀਂਹ ਨੇ ਪੱਕਣ 'ਤੇ ਆਈ ਕਣਕ ਦੀ ਫ਼ਸਲ ਨੂੰ ਇਸ ਕਦਰ ਜ਼ਮੀਨ 'ਤੇ ਲੰਮੇਂ ਪਾ ਦਿੱਤਾ ਹੈ, ਜਿਵੇਂ ਕਿਸਾਨ ਬਿਜ਼ਾਈ ਵੇਲ੍ਹੇ ਸੁਹਾਗਾ ਮਾਰ ਜ਼ਮੀਨ ਪੱਧਰੀ ਕਰਦਾ ਹੋਵੇ। ਕੁਦਰਤ ਦੀ ਮਾਰ ਝੱਲ ਰਹੇ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ 6 ਮਹੀਨੇ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਦੀ ਫ਼ਸਲ ਪੱਕ ਕੇ ਤਿਆਰ ਹੋਈ ਸੀ, ਪਰ ਹਨੇਰੀ ਅਤੇ ਮੀਂਹ ਨੇ ਉਨ੍ਹਾਂ ਦੀ ਕਣਕ ਦੀ ਪੱਕੀ ਫ਼ਸਲ ਦਾ ਖ਼ਰਾਬਾ ਕੀਤਾ ਹੈ। ਕਿਸਾਨਾਂ ਨੇ ਦੱਸਿਆ ਕਿ ਪੂਰੀ ਫ਼ਸਲ ਧਰਤੀ ਤੇ ਡਿੱਗ ਪਈ ਹੈ। ਜਿਸ ਨਾਲ ਕਣਕ ਦੀ ਵਢਾਈ ਤੇ ਵਧ ਖ਼ਰਚਾ ਆਵੇਗਾ ਅਤੇ ਫ਼ਸਲ ਦੇ ਝਾੜ 'ਤੇ ਵੀ ਵੱਡਾ ਅਸਰ ਪਵੇਗਾ।
ਪੀੜਿਤ ਕਿਸਾਨ ਨੇ ਕਿਹਾ ਕਿ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦਾ ਕਾਰਣ ਹੈ ਬੇ-ਮੌਸਮੀ ਮੀਂਹ ਅਤੇ ਝਖੱੜ ਨਾਲ ਹੋਣ ਵਾਲਾ ਫ਼ਸਲ ਦਾ ਖ਼ਰਾਬਾ। ਉਨ੍ਹਾਂ ਕਿਹਾ ਕਿ ਇਸ ਮੀਂਹ ਨਾਲ 50 ਫੀਸਦੀ ਫ਼ਸਲ ਨੁਕਸਾਨੀ ਗਈ ਹੈ। ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਲਗਾਈ।