ਸ੍ਰੀ ਮੁਕਤਸਰ ਸਾਹਿਬ: ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਵਿਰੁੱਧ ਸੋਸ਼ਲ ਮੀਡੀਆ 'ਤੇ ਕੁਮੈਂਟ ਕਾਰਨ ਵਿਵਾਦਾਂ ਵਿੱਚ ਆਈ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਮੁੜ ਕਿਸਾਨਾਂ ਵਿਰੁੱਧ ਟਵੀਟ ਕਰ ਕੇ ਨਵਾਂ ਵਿਵਾਦ ਖੜ੍ਹਾ ਕਰ ਲਿਆ ਹੈ। ਇਸ ਸਬੰਧੀ ਕਿਸਾਨ ਹਰਸਿਮਰਨ ਸਿੰਘ ਸਿੱਧੂ ਨੇ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਅਤੇ ਐਡਵੋਕੇਟ ਸਨੇਹਪ੍ਰੀਤ ਸਿੰਘ ਮਾਨ ਰਾਹੀਂ ਸੀਜੇਐਮ ਮਨਦੀਪ ਸਿੰਘ ਦੀ ਅਦਾਲਤ ਵਿਖੇ ਕੰਗਨਾ ਰਣੌਤ ਵਿਰੁੱਧ ਇਕ ਕੇਸ ਦਾਇਰ ਕੀਤਾ ਹੈ।
ਦਾਇਰ ਕੀਤੇ ਗਏ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ 3 ਫਰਵਰੀ ਨੂੰ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਦਿੱਲੀ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੀਤੇ 75 ਦਿਨਾਂ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਲਈ ਅੱਤਵਾਦੀ, ਵੱਖਵਾਦੀ ਅਤੇ ਇੱਥੋਂ ਤੱਕ ਕੇ ਕੈਂਸਰ ਵਰਗੇ ਭੈੜੇ ਸ਼ਬਦ ਵਰਤ ਕੇ ਕਿਸਾਨਾਂ ਨੂੰ ਠੇਸ ਪਹੁੰਚਾਈ ਹੈ। ਇੰਨਾ ਹੀ ਨਹੀਂ ਕੰਗਨਾ ਰਣੌਤ ਨੇ ਆਪਣੇ ਇਸ ਟਵੀਟ ਵਿੱਚ ਹਿੰਦੂ ਅਤੇ ਸਿੱਖਾਂ ਨੂੰ ਲੜਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਪਬਲੀਸਿਟੀ ਲਈ ਭਾਈਚਾਰਕ ਸਾਂਝ ਨੂੰ ਖਰਾਬ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਹਰਸਿਮਰਨ ਸਿੰਘ ਸਿੱਧੂ ਨੇ ਅਦਾਲਤ ਵਿਚ ਵੱਖ-ਵੱਖ ਧਰਾਵਾਂ ਅਧੀਨ ਇਕ ਕੰਪਲੇਂਟ ਫਾਈਲ ਕੀਤੀ ਹੈ ਅਤੇ ਕੋਰਟ ਤੋਂ ਕੰਗਨਾ ਰਣੌਤ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।