ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਸੂਬੇ ਵਿੱਚ ਨਸ਼ੇ ਨੂੰ ਰੋਕਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਇਸ ਦੀ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ ਜਿਸ ਦੀ ਤਾਜ਼ਾ ਮਿਸਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਉਦੋਂ ਵੇਖਣ ਨੂੰ ਮਿਲੀ ਜਦੋਂ ਐਕਸਾਇਜ਼ ਵਿਭਾਗ ਨੇ ਚੰਡੀਗੜ੍ਹ ਸ਼ਰਾਬ ਦੀਆਂ 60 ਬੋਤਲਾਂ ਬਰਾਮਦ ਕੀਤੀਆਂ।
ਜਾਣਕਾਰੀ ਮੁਤਾਬਕ ਐਕਸਾਈਜ਼ ਵਿਭਾਗ ਅਤੇ ਸ਼ਰਾਬ ਦੇ ਠੇਕੇਦਾਰ ਨੂੰ ਗੁਪਤ ਸੂਚਨਾ ਮਿਲੀ ਸੀ ਇੱਥੇ ਚੰਡੀਗੜ੍ਹ ਤੋਂ ਲਿਆਂਦੀ ਸ਼ਰਾਬ ਨਜਾਇਜ਼ ਤਰੀਕੇ ਨਾਲ ਵੇਚੀ ਜਾ ਰਹੀ ਹੈ। ਇਸ ਤੋਂ ਬਾਅਦ ਵਿਭਾਗ ਨੇ ਛਾਪੇਮਾਰੀ ਕਰ ਕੇ 60 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ।
ਸ਼ਰਾਬ ਦੇ ਠੇਕੇਦਾਰ ਰਾਜਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਮੋਟਰਸਾਈਕਲ 'ਤੇ ਚੰਡੀਗੜ੍ਹ ਦੀ ਸ਼ਰਾਬ ਨਜਾਇਜ਼ ਤੌਰ 'ਤੇ ਇਥੇ ਵੇਚ ਰਹੇ ਸਨ ਉਨ੍ਹਾਂ ਵਲੋਂ ਸਥਾਨਕ ਪੁਲਿਸ ਦੀ ਮਦਦ ਨਾਲ ਰੇਡ ਕੀਤੀ ਤਾਂ ਇਸ ਦੌਰਾਨ 2 ਮੋਟਰਸਾਇਕਲ ਸਵਾਰ ਭੱਜਣ ਵਿਚ ਕਾਮਯਾਬ ਹੋ ਗਏ ਪਰ ਉਨ੍ਹਾਂ ਵੱਲੋਂ ਵੇਚੀ ਜਾਣ ਵਾਲੀ ਸ਼ਰਾਬ 60 ਬੋਤਲਾਂ ਬਰਾਮਦ ਕਰ ਲਈ ਹੈ।
ਇਸ ਸੰਬੰਧੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ ਦੇ ਮਾਲਿਕ ਦੀ ਪਹਿਚਾਣ ਕਰਨ ਲਈ ਨੰਬਰ ਟਰੇਸ ਕੀਤਾ ਜਾ ਰਿਹਾ ਹੈ ਅਤੇ ਆਰੋਪੀ ਵੀ ਛੇਤੀ ਹੀ ਕਾਬੂ ਕੀਤੇ ਜਾਣਗੇ।