ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਮੌੜ ਰੋਡ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ । ਮੌੜ ਪਿੰਡ ਦੇ ਨਜ਼ਦੀਕ ਇੱਕ ਸਕੂਟੀ ਸਵਾਰ ਵਿਅਕਤੀ ਮੁਕਤਸਰ ਵੱਲ ਨੂੰ ਜਾ ਰਿਹਾ ਸੀ। ਟਰਾਲੇ ਹੇਠਾਂ ਆਉਣ ਕਾਰਨ ਉਸ ਦੀ ਮੌਤ ਹੋ ਗਈ।
ਸਥਾਨਕ ਲੋਕਾਂ ਮੁਤਾਬਕ ਮ੍ਰਿਤਕ ਪ੍ਰਤਾਪ ਸਿੰਘ ਆਪਣੀ ਭੈਣ ਨੂੰ ਮਿਲਣ ਲਈ ਮੁਕਤਸਰ ਵੱਲ ਨੂੰ ਜਾ ਰਿਹਾ ਸੀ। ਜਦੋਂ ਪ੍ਰਤਾਪ ਸਿੰਘ ਰੋਡ 'ਤੇ ਜਾ ਰਹੇ ਇੱਕ ਟਰਾਲੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਤਿਲਕਣ ਹੋਣ ਕਾਰਨ ਉਥੇ ਹੀ ਡਿੱਗ ਪਿਆ ਅਤੇ ਟਰਾਲਾ ਉਸ ਦੇ ਉਪਰ ਦੀ ਲੰਘ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰਾਲਾ ਡ੍ਰਾਈਵਰ ਫ਼ਰਾਰ ਹੋ ਗਿਆ।
ਇਸ ਬਾਰੇ ਦੱਸਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੜਕ ਹਾਦਸੇ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਪ੍ਰਤਾਪ ਸਿੰਘ ਵਾਸੀ ਪਿੰਡ ਰਤਾ ਥੇਡ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।