ਐਸਬੀਐਸ ਨਗਰ: ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਏ ਗਏ ਕਰਫਿਊ ਦੌਰਾਨ ਮਹਿਲਾਵਾਂ ਨੂੰ ਸੈਨੇਟਰੀ ਪੈਡਜ਼ ਮੁਹੱਈਆ ਕਰਵਾਉਣ ਲਈ ਐਸਐਸਪੀ ਅਲਕਾ ਮੀਨਾ ਵੱਲੋਂ ਅਨੋਖਾ ਉਪਰਾਲਾ ਕਰਦਿਆਂ ਦੋ ਹੈਲਪਲਾਈਨ ਨੰਬਰ 9645507474, 9645276499 ਜਾਰੀ ਕੀਤੇ ਗਏ ਹਨ, ਜਿੱਥੇ ਫੋਨ ਕਰ ਮਹਿਲਾਵਾਂ ਆਪਣੀ ਲੋੜ ਬਾਰੇ ਦੱਸ ਸਕਦੀਆਂ ਹਨ।
ਜ਼ਿਲ੍ਹੇ 'ਚ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ 'ਚ ਇਸ ਉਦਮ ਦੀ ਸ਼ੁਰੂਆਤ ਕਰਦਿਆਂ ਐਸਐਸਪੀ ਮੀਨਾ ਨੇ ਦੱਸਿਆ ਕਿ ਕਰਫ਼ਿਊ ਦੇ ਇਨ੍ਹਾਂ ਦਿਨਾਂ 'ਚ ਮਹਿਲਾਵਾਂ ਦੇ ਖ਼ਾਸ ਦਿਨਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ। ਜੇਕਰ ਉਨ੍ਹਾਂ ਨੂੰ ਅਸੀਂ ਲੋੜ ਅਨੁਸਾਰ ਸੈਨੇਟਰੀ ਪੈਡ ਮੁਹੱਈਆ ਕਰਵਾਉਣ 'ਚ ਕਾਮਯਾਬ ਹੋ ਜਾਂਦੇ ਹਾਂ ਤਾਂ ਇਹ ਸਾਡੇ ਲਈ ਵੱਡੀ ਪ੍ਰਾਪਤੀ ਹੋਵੇਗੀ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਉਪਰਾਲੇ 'ਚ ਜ਼ਿਲ੍ਹਾ ਪੁਲਿਸ ਵੱਲੋਂ ਬਣਾਈ ਐਸਬੀਐਸ ਨਗਰ ਹੈਲਪਿੰਗ ਹੈਂਡ ਸੰਸਥਾ ਦਾ ਸਾਥ ਸਮਾਜ ਸੇਵੀ ਆਵਾਜ਼ ਸੰਸਥਾ ਵੱਲੋਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਸ਼ੁਰੂਆਤੀ ਤੌਰ ’ਤੇ 20 ਹਜ਼ਾਰ ਪੈਡਜ਼ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਕਿ ਗਰੀਬ ਮਹਿਲਾਵਾਂ ਲਈ ਮੁਫ਼ਤ ਹੋਣਗੇ। ਉਨ੍ਹਾਂ ਕਿਹਾ ਕਿ ਹੈਲਪ ਲਾਈਨ ਨੰਬਰਾਂ ਨੂੰ ਮਹਿਲਾ ਆਪਰੇਟਰ ਹੀ ਚਲਾਉਣਗੇ, ਇਸ ਲਈ ਔਰਤਾਂ ਆਪਣੀ ਪੈਡ ਪ੍ਰਾਪਤ ਕਰਨ ਦੀ ਸਮੱਸਿਆ ਅਸਾਨੀ ਨਾਲ ਦੱਸ ਸਕਣਗੀਆਂ।