ਨਵਾਂਸ਼ਹਿਰ: ਸਿੱਖ ਯੂਥ ਫੈਡਰੇਸ਼ਨ (ISYF) ਸਮੂਹ ਦੀ ਹਮਾਇਤ ਵਾਲੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ, ਪੰਜਾਬ ਪੁਲਿਸ ਨੇ 2.5 ਕਿਲੋਗ੍ਰਾਮ ਆਰਡੀਐਕਸ, 1 ਡੈਟੋਨੇਟਰ, ਕੋਡੈਕਸ ਤਾਰ, ਤਾਰਾਂ ਸਮੇਤ 5 ਵਿਸਫੋਟਕ ਫਿਊਜ਼, ਏਕੇ 47 ਅਸਾਲਟ ਰਾਈਫਲ ਦੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਸੋਮਵਾਰ ਨੂੰ ਇੱਥੇ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਵੀਕੇ ਭਾਵੜਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਬਰਾਮਦਗੀ ਗੁਰਦਾਸਪੁਰ ਦੇ ਪਿੰਡ ਲਖਨਪਾਲ ਦੇ ਰਹਿਣ ਵਾਲੇ ਮੁਲਜ਼ਮ ਅਮਨਦੀਪ ਕੁਮਾਰ ਉਰਫ਼ ਮੰਤਰੀ ਦੇ ਖੁਲਾਸੇ ਬਿਆਨ 'ਤੇ ਕੀਤੀ ਗਈ ਹੈ, ਜੋ ਕਿ ਪਠਾਨਕੋਟ ਵਿੱਚ ਹਾਲ ਹੀ ਵਿੱਚ ਵਾਪਰੇ ਗ੍ਰੇਨੇਡ ਹਮਲਿਆਂ ਦੀਆਂ 2 ਘਟਨਾਵਾਂ ਦਾ ਮੁੱਖ ਮੁਲਜ਼ਮ ਹੈ।
ਜ਼ਿਕਰਯੋਗ ਹੈ ਕਿ, ਅਮਨਦੀਪ ਉਰਫ਼ ਮੰਤਰੀ ਸੋਮਵਾਰ ਨੂੰ ਐਸ.ਬੀ.ਐਸ ਨਗਰ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਆਈ.ਐਸ.ਵਾਈ.ਐਫ਼ ਦੇ 6 ਅੱਤਵਾਦੀਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਪਠਾਨਕੋਟ ਆਰਮੀ ਕੈਂਪ ਸਮੇਤ ਪਠਾਨਕੋਟ ਵਿੱਚ 2 ਗ੍ਰਨੇਡ ਹਮਲੇ ਕਰਨ ਦੀ ਗੱਲ ਕਬੂਲ ਕੀਤੀ ਸੀ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 6 ਹੈਂਡ ਗਰਨੇਡ (86 ਪੀ), ਇੱਕ ਪਿਸਤੌਲ (9 ਐਮਐਮ), ਇੱਕ ਰਾਈਫਲ (30 ਬੋਰ) ਦੇ ਨਾਲ-ਨਾਲ ਜਿੰਦਾ ਗੋਲੀਆਂ ਅਤੇ ਮੈਗਜ਼ੀਨ ਵੀ ਬਰਾਮਦ ਕੀਤੇ ਹਨ।
ਐਸ.ਐਸ.ਪੀ ਐਸ.ਬੀ.ਐਸ ਨਗਰ ਕੰਵਰਦੀਪ ਕੌਰ ਨੇ ਦੱਸਿਆ ਕਿ ਅਮਨਦੀਪ ਦੇ ਖੁਲਾਸੇ ਤੋਂ ਬਾਅਦ, ਉਨ੍ਹਾਂ ਨੇ ਤੁਰੰਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਟੀਮਾਂ ਭੇਜੀਆਂ ਹਨ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ, ਜਿਸ ਦੀ ਵਰਤੋਂ ਅਮਨਦੀਪ ਅਨੁਸਾਰ ਆਈਈਡੀ ਬਣਾਉਣ ਲਈ ਕੀਤੀ ਜਾਣੀ ਸੀ। ਉਸਨੇ ਦੱਸਿਆ ਕਿ ਇਹ ਖੇਪ ISYF (ਰੋਡੇ) ਦੇ ਸਵੈ-ਘੋਸ਼ਿਤ ਚੀਫ਼ ਲਖਬੀਰ ਸਿੰਘ ਰੋਡੇ, ਜੋ ਮੌਜੂਦਾ ਸਮੇਂ ਪਾਕਿਸਤਾਨ ਵਿੱਚ ਰਹਿ ਰਿਹਾ ਹੈ, ਵੱਲੋਂ ਅਮਨਦੀਪ ਨੂੰ ਆਪਣੇ ਸਾਥੀ ਅਤੇ ਇਸ ਦਹਿਸ਼ਤੀ ਮਾਡਿਊਲ ਦੇ ਹੈਂਡਲਰ ਸੁਖਪ੍ਰੀਤ ਸਿੰਘ ਉਰਫ਼ ਸੁੱਖ ਵਾਸੀ ਪਿੰਡ ਖਰਲ, ਦੀਨਾਨਗਰ ਰਾਹੀਂ ਮੁਹੱਈਆ ਕਰਵਾਈ ਗਈ ਸੀ।
ਇਹ ਵੀ ਪੜੋ:- ਭਾਰਤ-ਚੀਨ ਫੌਜੀ ਵਾਰਤਾ ਦਾ 14ਵਾਂ ਦੌਰ: 'ਗਰਮ ਚਸ਼ਮੇ' ਤੋਂ ਫੌਜਾਂ ਨੂੰ ਹਟਾਉਣ 'ਤੇ ਜ਼ੋਰ