ਚੰਡੀਗੜ੍ਹ: ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਲੰਘੇ ਦਿਨ ਤੋਂ ਹੀ ਪੰਜਾਬ ਵਿੱਚ ਮੀਂਹ ਜਾਰੀ ਹੈ ਜਿਸ ਕਾਰਨ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਮੀਂਹ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਦੇ 67 ਪਿੰਡਾਂ ਨੂੰ ਖ਼ਾਲੀ ਕਰਵਾਉਣ ਦੇ ਹੁਕਮ ਦੇ ਦਿੱਤੇ ਗਏ ਹਨ।
ਇਹ ਪਿੰਡ ਦਰਿਆ 'ਚ ਵੱਧਦੇ ਪਾਣੀ ਹੇਠ ਆ ਸਕਦੇ ਹਨ ਇਸੇ ਨੂੰ ਵੇਖਦਿਆਂ ਪਿੰਡਾਂ ਨੂੰ ਖ਼ਾਲੀ ਕਰਵਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਥਿਤੀ ਤੋਂ ਨਜਿੱਠਿਆ ਜਾ ਸਕੇ। ਇੱਥੇ ਦੱਸ ਦਈਏ ਕਿ ਪਾਣੀ ਦੇ ਪੱਧਰ ਨੂੰ ਵੇਖਦਿਆਂ ਪਹਿਲਾਂ ਹੀ ਜਲੰਧਰ, ਫ਼ਿਰੋਜ਼ਪੁਰ, ਰੂਪਨਗਰ ਦੇ ਕੁਝ ਪਿੰਡਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ।
ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਨਵਾਂ ਸ਼ਹਿਰ ਦੇ ਐੱਸਡੀਐੱਮ ਤੇ ਬਲਾਚੌਰ ਦੇ ਐੱਸਡੀਐੱਮ ਨੂੰ ਦਰਿਆ ਨੇੜਲੇ 67 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਫ਼ੌਜ ਨੂੰ ਵੀ ਬੁਲਾ ਲਿਆ ਗਿਆ ਹੈ।