ਜਲੰਧਰ: ਨਵਾਂਸ਼ਹਿਰ ਵਿਖੇ ਜਲੰਧਰ ਵੈਸਟ ਦੇ ਵਿਧਾਇਕ ਸੁਸ਼ੀਲ ਰਿੰਕੂ ਦੀ ਕਾਰ ਅਤੇ ਟਰੈਕਟਰ-ਟਰਾਲੀ ਵਿਚਾਲੇ ਟੱਕਰ ਹੋਣ ਦੀ ਸੂਚਨਾ ਹੈ। ਟੱਕਰ ਵਿੱਚ ਸੁਸ਼ੀਲ ਰਿੰਕੂ, ਉਸ ਦਾ ਗੰਨਮੈਨ ਅਤੇ ਡਰਾਈਵਰ ਵਿੱਕੀ ਯਾਦਵ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਹਨ। ਨਵਾਂਸ਼ਹਿਰ ਦੇ ਇੱਕ ਨਿਜੀ ਹਸਪਤਾਲ 'ਚ ਇਲਾਜ ਉਪਰੰਤ ਵਿਧਾਇਕ ਸੁਸ਼ੀਲ ਰਿੰਕੂ ਅਤੇ ਡਰਾਈਵਰ ਤੇ ਗੰਨਮੈਨ ਨੂੰ ਉਨ੍ਹਾਂ ਦੇ ਘਰ ਜਲੰਧਰ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਜ਼ੇਰੇ ਇਲਾਜ ਕਾਰ ਚਾਲਕ ਦੇ ਦੱਸਣ ਅਨੁਸਾਰ ਉਹ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਨਵਾਂਸ਼ਹਿਰ ਨਜ਼ਦੀਕ ਜਾਡਲਾ ਨੇੜੇ ਸੜਕ 'ਤੇ ਪੁੱਜੇ ਤਾਂ ਇੱਕ ਟਰੈਕਟਰ-ਟਰਾਲੀ ਗਲਤ ਦਿਸ਼ਾ ਤੋਂ ਸੜਕ ਆ ਕੇ ਕਾਰ ਵਿੱਚ ਵੱਜੀ। ਉਸ ਨੇ ਬ੍ਰੇਕਾਂ ਲਗਾ ਕੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਟਰੈਕਟਰ-ਟਰਾਲੀ ਤੇਜ਼ ਹੋਣ ਕਾਰਨ ਟੱਕਰ ਹੋ ਗਈ।
ਹਾਦਸੇ ਵਿੱਚ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਕਾਰ ਦਾ ਚਾਲਕ ਅਤੇ ਇੱਕ ਗੰਨਮੈਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਹਾਦਸੇ ਬਾਰੇ ਚੌਕੀ ਜਾਡਲਾ ਦੇ ਇੰਚਾਰਜ ਵਿਕਰਮ ਸਿੰਘ ਨੇ ਦੱਸਿਆ ਕਿ ਵਿਧਾਇਕ ਸੁਸ਼ੀਲ ਰਿੰਕੂ ਦੀ ਛਾਤੀ ਵਿੱਚ ਸੱਟ ਲੱਗੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕੋ ਟਰੈਕਟਰ ਨਾਲ ਦੋ ਟਰਾਲੀਆਂ ਬੰਨੀਆਂ ਹੋਈਆਂ ਸਨ, ਜੋ ਪਿੰਡ ਜਾਡਲਾ ਨੇੜੇ ਗਲਤ ਦਿਸ਼ਾ ਵਿੱਚ ਆਈਆਂ ਸਨ। ਸਿੱਟੇ ਵੱਜੋਂ ਇਹ ਹਾਦਸਾ ਹੋਇਆ।
ਉਨ੍ਹਾਂ ਕਿਹਾ ਕਿ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਜ਼ਖ਼ਮੀਆਂ ਦੇ ਬਿਆਨਾਂ 'ਤੇ ਕਾਰਵਾਈ ਅਰੰਭ ਦਿੱਤੀ ਹੈ।