ਲਹਿਰਾਗਾਗਾ: ਸੰਗਰੂਰ ਦੇ ਪਿੰਡ ਚਾਂਗਲੀਵਾਲਾ ਵਿਖੇ ਰੋਂਗਟੇ ਖੜੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਖੇ ਇੱਕ ਦਲਿਤ ਨੌਜਵਾਨ ਨੂੰ ਕੁਝ ਲੋਕਾਂ ਵੱਲੋਂ 3 ਘੰਟੇ ਤੱਕ ਬਨ੍ਹ ਕੇ ਉਸ ਦੀ ਰਾਡ ਅਤੇ ਡੰਡਿਆ ਨਾਲ ਕੁੱਟਮਾਰ ਕੀਤੀ ਗਈ। ਇੱਥੇ ਤੱਕ ਕਿ ਨੌਜਵਾਨ ਦੀ ਲੱਤਾ ਦੇ ਮਾਸ ਨੂੰ ਪਲਾਸ ਨਾਲ ਨੋਚਿਆ ਗਿਆ, ਜਿਸ ਦੌਰਾਨ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਰੋਸ ਦੀ ਲਹਿਰ ਹੈ, ਉੱਥੇ ਹੀ ਪੀੜਤ ਦੇ ਪਰਿਵਾਰਕ ਮੈਬਰਾਂ ਨੇ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਦੋਸ਼ੀਆਂ ਨੂੰ ਸਖ਼ਤ ਸਜਾ ਦੇਣ ਦੀ ਮੰਗ ਕੀਤੀ ਹੈ। ਉੱਥੇ ਹੀ ਪੁਲਿਸ ਨੇ ਦੋਸੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਨੌਜਵਾਨ ਦੇ ਮੁੰਡੇ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ, ਉਨ੍ਹਾਂ ਨੇ ਦੱਸਿਆ ਕਿ ਪਿੰਡ ਦੇ 4 ਲੋਕਾਂ ਨੇ ਉਸ ਨੂੰ ਇੰਨ੍ਹੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਅਤੇ ਉਸ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ ਪਰ ਅੱਜ ਸਵੇਰੇ ਉਸ ਦੇ ਇਨਫੈਕਸ਼ਨ ਹੋਣ ਨਾਲ ਉਸ ਦੀ ਮੌਤ ਹੋ ਗਈ।
ਦਲਿਤ ਭਲਾਈ ਸੰਗਠਨ ਦੇ ਪੰਜਾਬ ਪ੍ਰਧਾਨ ਦਰਸ਼ਨ ਕਾਂਗੜਾ ਦਾ ਕਹਿਣਾ ਹੈ ਕਿ ਦਲਿਤਾਂ ‘ਤੇ ਕੁਝ ਉੱਚ ਜਾਤੀ ਦੇ ਲੋਕਾਂ ਦੇ ਅਜਿਹੇ ਵਹਿਸ਼ੀਆਨਾ ਅੱਤਿਆਚਾਰ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਹ ਭਰੋਸਾ ਦਿੱਤਾ ਜਾਵੇਗਾ ਕਿ ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ।