ਮਲੇਰਕੋਟਲਾ: ਸ਼ਹਿਰ ਦੇ ਪਿੰਡ ਭੋਗੀਵਾਲ 'ਚ ਵਾਟਰ ਸਪਲਾਈ ਦੇ ਮੋਟੀਵੇਟਰ ਯੂਨੀਅਨ ਦੇ ਠੇਕੇ ਤੇ ਭਰਤੀ ਕੀਤੇ ਗਏ ਮੁਲਾਜ਼ਮਾਂ ਨੇ ਤਨਖ਼ਾਹ ਨਾ ਮਿਲਣ ਕਰਕੇ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਮੁਲਾਜ਼ਮਾਂ ਨੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ੍ਹ ਕੇ ਟੈਂਕੀ 'ਤੇ ਚੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਦੱਸ ਦਈਏ, ਵਾਟਰ ਸਪਲਾਈ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਕਾਫ਼ੀ ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਗਈ ਤੇ ਨਾਂ ਹੀ ਉਨ੍ਹਾਂ ਨੂੰ ਹਾਲੇ ਤੱਕ ਪੱਕਾ ਕੀਤਾ ਗਿਆ। ਇਸ ਦੇ ਚੱਲਦਿਆਂ ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਇਸ ਸਬੰਧੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਨਾ ਤਾਂ ਵਿਭਾਗ ਵਿੱਚ ਪੱਕਾ ਕੀਤਾ ਗਿਆ ਹੈ ਅਤੇ ਨਾਂ ਹੀ ਉਨ੍ਹਾਂ ਨੂੰ ਰੈਗੂਲਰ ਤਨਖ਼ਾਹ ਨਹੀਂ ਦਿੱਤੀ ਜਾਂਦੀ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਸੰਘਰਸ਼ ਜਾਰੀ ਰੱਖਣਗੇ। ਮੁਲਾਜ਼ਮਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਉਹ ਮਰਨ ਵਰਤ 'ਤੇ ਬੈਠਣਗੇ ਤੇ ਆਪਣਾ ਸੰਘਰਸ਼ ਜਾਰੀ ਰੱਖਣਗੇ।