ਸੰਗਰੂਰ : ਜ਼ਿਲ੍ਹੇ ਦੀ ਜੇਲ੍ਹ 'ਚ ਵੱਡੀ ਘਟਨਾ ਵਾਪਰੀ ਹੈ। ਇੱਥੇ ਜੇਲ੍ਹ ਦੇ ਵਾਰਡਨ ਲਕਸ਼ਮਣ ਸਿੰਘ 'ਤੇ ਤਿੰਨ ਕੈਦੀਆਂ ਵੱਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ 23 ਫਰਵਰੀ ਨੂੰ ਜਦੋਂ ਇਹ ਘਟਨਾ ਵਾਪਰੀ, ਤਾਂ ਜੇਲ੍ਹ ਵਾਰਡਨ ਲਕਸ਼ਮਣ ਸਿੰਘ ਜੇਲ੍ਹ ਦੇ ਵਾਰਡ ਨੰਬਰ 6 ਤੇ 7 ਦੀ ਹਵਾਲਾਤ 'ਚ ਲੰਗਰ ਦੀ ਡਿਊਟੀ 'ਤੇ ਸੀ।
HIV ਪੌਜ਼ੀਟਿਵ ਕੈਦੀ ਨੇ ਆਪਣੇ ਕੱਟ ਲਾਉਣ ਤੋਂ ਬਾਅਦ ਵਾਰਡਨ ਨੂੰ ਜਖ਼ਮੀ ਕੀਤਾ : ਬੀਤੀ 23 ਫ਼ਰਵਰੀ ਦੀ ਸ਼ਾਮ 6:15 ਵਜੇ ਜੇਲ੍ਹ ਵਾਰਡਨ ਲਕਸ਼ਮਣ ਸਿੰਘ 'ਤੇ ਤਿੰਨ ਕੈਦੀਆਂ ਨੇ ਹਮਲਾ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਇੱਕ ਐਚਆਈਵੀ ਪੌਜ਼ੀਟਿਵ ਕੈਦੀ ਨੇ ਇੱਕ ਤਿੱਖੇ ਚਮਚੇ ਨਾਲ ਪਹਿਲਾਂ ਆਪਣੇ ਆਪ ਨੂੰ ਕੱਟ ਲਾ ਕੇ ਜੇਲ੍ਹ ਵਾਰਡਨ ਉੱਤੇ ਹਮਲਾ ਕੀਤਾ। ਜੇਲ੍ਹ ਵਾਰਡਨ ਅਨੁਸਾਰ ਉਹ ਚਾਹੁੰਦਾ ਸੀ ਕਿ ਉਹ ਵੀ ਐਚਆਈਵੀ ਪੌਜ਼ੀਟਿਵ ਹੋ ਜਾਵੇ।
ਲੰਗਰ ਵਿੱਚ ਡਿਊਟੀ 'ਤੇ ਸੀ ਵਾਰਡਨ : ਸੰਗਰੂਰ ਦੇ ਡੀਐਸਪੀ ਅਜੈਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਲਿਖਵਾਈ ਐਫਆਈਆਰ ਵਿੱਚ ਜੇਲ੍ਹ ਦੇ ਵਾਰਡਨ ਲਕਸ਼ਮਣ ਸਿੰਘ ਨੇ ਦੱਸਿਆ ਕਿ ਮੇਰੇ 'ਤੇ ਜਾਨਲੇਵਾ ਹਮਲਾ ਹੋਇਆ ਹੈ। ਮੇਰੀ ਗਰਦਨ 'ਤੇ ਕੋਈ ਭਾਰੀ ਚੀਜ਼ ਸੁੱਟੀ ਗਈ ਜਿਸ ਤੋਂ ਬਾਅਦ ਮੈਂ ਹੇਠਾਂ ਡਿੱਗ ਗਿਆ। ਉਸ ਦੀ ਡਿਊਟੀ ਵਾਰਡ ਨੰਬਰ 6 ਤੇ 7 ਦੀ ਹਵਾਲਾਤ ਤੇ ਲੰਗਰ 'ਚ ਸੀ। ਸ਼ਾਮ 6 ਵਜੇ ਕੈਦੀਆਂ ਨੂੰ ਬੰਦ ਕਰਨ ਲਈ ਵਾਰਡ ਨੰਬਰ 7 'ਚ ਗਿਆ, ਤਾਂ ਉਸ ਸਮੇਂ ਮੇਰੇ 'ਤੇ ਹਮਲਾ ਕੀਤਾ ਗਿਆ।
ਪਹਿਲਾਂ ਤੋਂ ਖੁੰਦਕ ਰੱਖਦੇ ਸੀ ਕੈਦੀ : ਡੀਐਸਪੀ ਅਜੈਪਾਲ ਨੇ ਦੱਸਿਆ ਹੈ ਕਿ ਸ਼ਿਕਾਇਤ ਮੁਤਾਬਕ, ਵਾਰਡਨ 'ਤੇ ਹਮਲਾ ਕਰਨ ਵਾਲੇ ਕੈਦੀਆਂ ਵਿੱਚੋਂ ਇੱਕ ਐਚਆਈਵੀ ਪੌਜ਼ੀਟਿਵ ਹੈ। ਪਹਿਲਾਂ ਉਸ ਨੇ ਚਮਚੇ ਨਾਲ ਖੁਦ ਨੂੰ ਸੱਟ ਮਾਰੀ ਅਤੇ ਫਿਰ ਉਸ ਨਾਲ ਵਾਰਡਨ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ। ਲੱਛਮਣ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਰਵੀ ਸਾਹਿਲ ਤੇ ਸੁਖਵਿੰਦਰ ਸਮੇਤ ਤਿੰਨ ਕੈਦੀਆਂ ਖਿਲਾਫ ਸੰਗਰੂਰ ਵਿਖੇ ਥਾਣਾ ਸਿਟੀ ਇੱਕ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੁਧਾਰ ਘਰ 'ਚ ਸੁਧਰਣ ਦੀ ਬਜਾਏ, ਕੈਦੀ ਕਰ ਰਹੇ ਹੋਰ ਜ਼ੁਰਮ : ਬਦਮਾਸ਼ਾਂ ਦੇ ਹੌਂਸਲੇ ਇੰਨੇ ਕੁ ਵੱਧ ਚੁੱਕੇ ਹਨ ਕਿ ਜੇਲ੍ਹ ਦੇ ਬਾਹਰ ਤਾਂ ਸ਼ਰੇਆਮ ਕਤਲ ਤੇ ਕੁੱਟਮਾਰ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ, ਜੇਲ੍ਹ ਅੰਦਰ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਜ਼ੁਰਮ ਦੀ ਸਜ਼ਾ ਭੁਗਤ ਰਹੇ ਕੈਦੀ ਵੀ ਸੁਧਰਣ ਦੀ ਬਜਾਏ ਰੰਜਿਸ਼ਾਂ ਰੱਖ ਰਹੇ ਹਨ ਅਤੇ ਇਕ ਦੂਜੇ ਉੱਤੇ ਹਮਲਾ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਜਾਂ ਕਹੀਏ ਕਿ ਉਨ੍ਹਾਂ ਨੂੰ ਕਿਸੇ ਦਾ ਕੋਈ ਡਰ ਹੀ ਨਹੀਂ ਹੈ।
ਇਹ ਵੀ ਪੜ੍ਹੋ: Case registered against Madan Lal Jalalpur: ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਉੱਤੇ ਮਾਮਲਾ ਦਰਜ