ਧੂਰੀ: ਪਿੰਡ ਘਨੌਰ ਕਲਾਂ ਵਿੱਚ ਆਜ਼ਾਦੀ ਘੁਲਾਟੀਏ ਪਰਿਵਾਰ ਨਾਲ ਸਬੰਧਤ ਦੋ ਨੌਜਵਾਨ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕਰ ਰਹੇ ਨੇ। ਉਨ੍ਹਾਂ ਦੇ ਦਾਦਾ ਜੀ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਸਨ, ਪਰ ਅੱਜ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।ਉਨ੍ਹਾਂ ਦੇ ਪਰਿਵਾਰ ਦੀ ਹਾਲਤ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਹੈ ਕਿਉਂਕਿ ਇਲਾਜ ਦੇ ਚੱਲਦਿਆਂ ਪਰਿਵਾਰ ਦੇ ਕੁਝ ਮੈਂਬਰਾਂ ਦੀ ਵੀ ਮੌਤ ਹੋ ਗਈ ਹੈ। ਉਨ੍ਹਾਂ ਕੋਲ ਇਲਾਜ ਲਈ ਪੈਸੇ ਵੀ ਨਹੀਂ ਹਨ, ਉਹ ਵਿੱਤੀ ਪੱਖ ਤੋਂ ਕਮਜ਼ੋਰ ਹਨ।
ਜਾਣਕਾਰੀ ਮੁਤਾਬਕ ਇਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਦੋਨਾਂ ਭਰਾਵਾਂ ਲਈ ਪੱਕੀ ਸਰਕਾਰੀ ਨੌਕਰੀ, ਮਾਲੀ ਮਦਦ ਅਤੇ ਘਰ ਬਣਾਉਣ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ। ਇਨ੍ਹਾਂ ਸਰਕਾਰ ਉੱਪਰ ਦੋਸ਼ ਲਾਉਂਦੇ ਹੋਏ ਕਿਹਾ ਕਿ ਹੁਣ ਤੱਕ ਸਰਕਾਰ ਉਨ੍ਹਾਂ ਨੂੰ ਸਿਰਫ ਆਜ਼ਾਦੀ ਦਿਹਾੜੇ ਅਤੇ ਹੋਰ ਸਮਾਗਮਾਂ ਉੱਪਰ ਬੁਲਾਕੇ ਮਿਠਾਈ ਦੇ ਡੱਬੇ ਅਤੇ ਸਨਮਾਨ ਚਿੰਨ ਆਦਿ ਦੇ ਕੇ ਸਾਰ ਦਿੰਦੀ ਹੈ ਤੇ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਹੈ ਤੇ ਨਾ ਹੀ ਹੁਣ ਤੱਕ ਉਨ੍ਹਾਂ ਨੂੰ ਕੋਈ ਸਰਕਾਰੀ ਨੌਕਰੀ ਤੇ ਨਾ ਹੀ ਕੋਈ ਮਾਲੀ ਮਦਦ ਦਿੱਤੀ ਗਈ ਹੈ। ਜਿਸ ਕਰਕੇ ਮਜਬੂਰਨ ਅੱਜ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ।
ਜਦੋਂ ਕੈਪਟਨ ਅਮਰਿੰਦਰ ਸਿੰਘ ਰੋਡ ਸ਼ੋਅ ਕਰ ਰਹੇ ਸਨ ਤਾਂ ਵੀ ਉਨ੍ਹਾਂ ਨੇ ਆਪਣੀ ਮੰਗ ਉਨ੍ਹਾਂ ਸਾਹਮਣੇ ਰੱਖੀ ਸੀ ਤੇ ਮੌਜੂਦਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਵੀ ਆਪਣੀ ਸਮੱਸਿਆ ਦੱਸੀ ਸੀ ਪਰ ਕਈ ਸਾਲਾਂ ਤੋਂ ਮਾਮਲੇ ਦੀ ਕੋਈ ਸੁਣਵਾਈ ਨਹੀਂ ਹੋਈ।
15 ਅਗਸਤ ਤੋਂ ਇਹ ਨੌਜਵਾਨ ਸੰਘਰਸ਼ ਕਰ ਰਹੇ ਨੇ। ਉਥੇ ਹੀ ਮੌਕੇ 'ਤੇ ਤਾਇਨਾਤ ਡਿਊਟੀ ਮੈਜਿਸਟਰੇਟ ਨੇ ਕਿਹਾ ਕਿ ਫਿਲਹਾਲ ਮਾਹੌਲ ਸ਼ਾਂਤ ਹੈ ਇਥੇ ਦੋ ਲੋਕ ਪਾਣੀ ਦੀ ਟੈਂਕੀ ’ਤੇ ਚੜ੍ਹੇ ਹੋਏ ਹਨ ਅਤੇ ਅਸੀਂ ਉਨ੍ਹਾਂ ਲਈ ਇਥੇ ਇੱਕ ਐਂਬੂਲੈਂਸ ਰੱਖੀ ਹੋਈ ਹੈ ਅਤੇ ਐਸਡੀਐਮ ਧੂਰੀ ਨੇ ਵੀ ਇਨ੍ਹਾਂ ਨੌਜਵਾਨਾਂ ਤੋਂ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਦੀਆਂ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਪਿੰਡ ਦੇ ਲੋਕਾਂ ਨੇ ਨੌਜਵਾਨ ਦੇ ਦਾਦਾ ਨੂੰ ਸ਼ਹੀਦ ਦਾ ਦਰਜਾ, ਧੂਰੀ ਦੇ ਸਰਕਾਰੀ ਹਸਪਤਾਲ ਦਾ ਨਾਮ ਬਚਨ ਸਿੰਘ ਦੇ ਨਾਮ ‘ਤੇ ਰੱਖਣ ਦੀ ਗੱਲ ਆਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਚਿਰ ਦੋਨਾਂ ਭਰਾਵਾਂ ਦੀ ਪੱਕੀ ਨੌਕਰੀ ਲੈੱਟਰ ਪ੍ਰਾਪਤ ਨਹੀਂ ਹੁੰਦਾ ਹੈ, ਉਨੀ ਦੇਰ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।