ਮਲੇਰਕੋਟਲਾ :ਪੰਜਾਬ ਸਰਕਾਰ ਬਟਾਲਾ ਵਿਖੇ ਕਰਵਾਈ ਗਈ 11ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ 2020 ਦਾ ਆਯੋਜਨ ਕੀਤਾ ਗਿਆ ਸੀ । ਦੇਸ਼ ਭਰ ਤੋਂ ਪਹੁੰਚੇ ਪਾਲਤੂ ਪਸ਼ੂਆਂ ਦੇ ਵੱਖ-ਵੱਖ ਮੁਕਾਬਲਿਆਂ ਵਿਚੋਂ ਇਨਾਮ ਜਿੱਤਣ ਵਾਲੇ ਸਬ ਡਿਵੀਜਨ ਮਲੇਰਕੋਟਲਾ ਦੇ 12 ਪਸ਼ੂ ਪਾਲਕਾਂ ਦਾ ਅੱਜ ਸਿਵਲ ਪਸ਼ੂ ਹਸਪਤਾਲ ਮਲੇਰਕੋਟਲਾ ਵਿਖੇ ਐਕਟਿੰਗ ਐਸ.ਵੀ.ਓ. ਮਲੇਰਕੋਟਲਾ ਡਾ. ਮੁਹੰਮਦ ਇਕਬਾਲ ਨੇ ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਕੌਮੀ ਮੁਕਾਬਲਿਆਂ ਵਿਚ ਹਜਾਰਾਂ ਰੁਪਏ ਦੇ ਇਨਾਮ ਜਿੱਤ ਕੇ ਪਰਤੇ ਪਸ਼ੂ ਪਾਲਕਾਂ ਵਿਚ ਖੁਸ਼ੀ ਮੁਹੰਮਦ ਮਲੇਰਕੋਟਲਾ ਵੀ ਸ਼ਾਮਿਲ ਹੈ ਜਿਸ ਦੇ ਤੁਰਕੀ ਨਸਲ ਦੇ ਦੁੰਬੇ ਨੇ ਪਹਿਲਾ, ਤੁਰਕੀ ਨਸਲ ਦੀਆਂ ਦੁੰਬੀਆਂ ਨੇ ਪਹਿਲਾ, ਦੂਜਾ ਅਤੇ ਚੌਥਾ ਇਨਾਮ ਜਿਤਿਆ।
ਇਸ ਮੌਕੇ ਡਾ. ਮੁਹੰਮਦ ਇਕਬਾਲ ਨੇ ਦੱਸਿਆ ਕਿ ਮਲੇਰਕੋਟਲਾ ਤਹਿਸੀਲ ਦੇ ਖੁਸ਼ੀ ਮੁਹੰਮਦ ਦੇ ਦੁੰਬਿਆਂ ਤੋਂ ਇਲਾਵਾ ਅੰਮ੍ਰਿਤ ਸਿੰਘ ਚੌਂਦਾ ਦੇ ਡੈਸ਼ਹੌਂਡ ਕੁੱਤੇ ਨੇ ਦੂਜਾ ਤੇ ਬੀਜ਼ਲ ਕੁੱਤੇ ਨੇ ਚੌਥਾ ਅਤੇ ਗੁਰਦੀਪ ਸਿੰਘ ਚੌਂਦਾ ਦੇ ਪੱਗ ਕੁੱਤੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਬਾਲੇਵਾਲ ਦੇ ਕਿਸਾਨ ਮਹਿੰਦਰ ਸਿੰਘ ਦੇ ਮਾਰਵਾੜੀ ਘੋੜੇ ਸਟੈਲੀਅਨ ਨੇ ਤੀਜਾ ਸਥਾਨ , ਨਾਜਰ ਸਿੰਘ ਅਮਾਮਗੜ੍ਹ ਦੇ ਨੁਕਰੇ ਘੋੜੇ ਨੇ ਸੱਤਵਾਂ, ਜਸਵੰਤ ਸਿੰਘ ਝੁਨੇਰ ਦੇ ਘੋੜੇ ਨੇ ਰੇਵੀਆ ਦੌੜ ਵਿਚ ਚੌਥਾ, ਸੁਖਵਿੰਦਰ ਸਿੰਘ ਪੰਜਗਰਾਈਆਂ ਦੇ ਬੱਕਰੇ ਨੇ ਤੀਜਾ ਸਥਾਨ ਅਤੇ ਸ਼ਗੁਨਪਰੀਤ ਸਿੰਘ ਨਾਰੋਮਾਜਰਾ ਦੀ ਐਚ.ਐਫ. ਕਰਾਸ ਵੱਛੀ ਨੇ ਅੱਠਵਾਂ ਸਥਾਨ ਪ੍ਰਾਪਤ ਕੀਤਾ।
ਡਾ. ਇਕਬਾਲ ਮੁਤਾਬਿਕ ਰਾਸ਼ਟਰੀ ਪੱਧਰ ਦੇ ਪਸ਼ੂ ਪਾਲਕ ਮੁਕਾਬਲਿਆਂ ਵਿੱਚ ਇਕੱਲੀ ਸਬ ਡਿਵੀਜ਼ਨ ਦੇ 12 ਪਸ਼ੂਆਂ ਦਾ ਸ਼ਾਨਦਾਰ ਪ੍ਰਦਰਸ਼ਨ ਮਲੇਰਕੋਟਲਾ ਤਹਿਸੀਲ ਦੀ ਅਹਿੱਮ ਪ੍ਰਾਪਤੀ ਹੈ ਜੋ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਿੰਮਤ ਅਤੇ ਪਸ਼ੂ ਪਾਲਕਾਂ ਦੀ ਸਖਤ ਮਿਹਨਤ ਸਦਕਾ ਸੰਭਵ ਹੋ ਸਕੀ ਹੈ।