ਸੰਗਰੂਰ : ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇ 'ਤੇ ਸੁਨਾਮ ਦੇ ਕਲੌਦੀ ਬੱਸ ਸਟੈਂਡ ਨੇੜੇ PRTC ਦੀ ਬੱਸ ਅਤੇ ਮਹਿੰਦਰ ਪਿਕਅਪ ਗੱਡੀ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 12 ਲੋਕ ਗੰਭੀਰ ਜ਼ਖਮੀ ਹਨ। ਜ਼ਖ਼ਮੀਆਂ ਵਿੱਚ ਇੱਕ ਤਿੰਨ ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਪਿਕਅਪ ਸਵਾਰ ਲੋਕ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਆਲੇ-ਦੁਆਲ਼ੇ ਦੇ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਬਾਹਰ ਕੱਢ ਕੇ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ। ਜਿੱਥੇ ਡਾਕਟਰਾਂ ਨੇ 4 ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : Gurdaspur Police Action: ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 13 ਮੈਂਬਰ ਪੁਲਿਸ ਵੱਲੋਂ ਗ੍ਰਿਫ਼ਤਾਰ, ਕਾਰ ਤੇ ਹਥਿਆਰ ਵੀ ਬਰਾਮਦ
ਧੁੰਦ ਜ਼ਿਆਦਾ ਹੋਣ ਕਾਰਨ ਵਾਪਰਿਆ ਹਾਦਸਾ : ਇਸ ਦੌਰਾਨ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਉਹ ਪਟਿਆਲਾ ਦੇ ਸ੍ਰੀ ਕਾਲੀ ਦੇਵੀ ਮੰਦਿਰ ਵਿੱਚ ਪੂਜਾ ਅਰਚਨਾ ਕਰ ਕੇ ਮਹਿੰਦਰਾ ਪਿਕਅਪ ਵਿਚ ਸਵਾਰ ਹੋ ਕੇ ਘਰ ਵਾਪਸ ਪਰਤ ਰਹੇ ਸੀ। ਜਦੋਂ ਉਹ ਪਿੰਡ ਕਲੌਦੀ ਨਜ਼ਦੀਕ ਪੁੱਜੇ ਤਾਂ ਧੁੰਦ ਜ਼ਿਆਦਾ ਹੋਣ ਕਾਰਨ ਰਸਤੇ ਵਿਚ ਖੜ੍ਹੀ ਬੱਸ ਵਿਚ ਗੱਡੀ ਜਾ ਵੱਜੀ। ਪੀੜਤ ਦਾ ਕਹਿਣਾ ਹੈ ਕਿ ਗੱਡੀ ਚਾਲਕ ਦੇ ਦੋਵੇਂ ਪੈਰ ਟੁੱਟ ਗਏ ਹਨ। ਇਸ ਹਾਦਸੇ ਵਿਚ ਇਕ ਬੱਚੇ ਦੀ ਵੀ ਮੌਤ ਹੋਈ ਹੈ। ਜਦੋਂ ਪੀਆਰਟੀਸੀ ਦੀ ਬੱਸ ਸਵਾਰੀਆਂ ਨੂੰ ਚੁੱਕਣ ਲਈ ਬੱਸ ਸਟੈਂਡ 'ਤੇ ਰੁਕੀ ਤਾਂ ਉਨ੍ਹਾਂ ਦੀ ਪਿਕਅੱਪ ਬੱਸ ਨਾਲ ਟਕਰਾ ਗਈ। ਇਸ ਤੋਂ ਬਾਅਦ ਸੜਕ 'ਤੇ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਜ਼ਖਮੀਆਂ ਨੂੰ ਪਿਕਅੱਪ ਤੋਂ ਬਾਹਰ ਕੱਢ ਕੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : Police Action Against Gangsters: ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟ ਚੜ੍ਹੇ ਪੁਲਿਸ ਹੱਥੇ, ਟਾਰਗੇਟ ਕਿਲਿੰਗ ਲਈ ਇਸ਼ਾਰੇ ਦੀ ਕਰ ਰਹੇ ਸੀ ਉਡੀਕ...
ਬੱਧਨੀ ਕਲਾਂ ਪਿੰਡ ਨਾਲ ਸਬੰਧਿਤ ਸਾਰੇ ਮ੍ਰਿਤਕ : ਇਸ ਦੌਰਾਨ ਸਿਵਲ ਹਸਪਤਾਲ ਸੰਗਰੂਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸਾਨੂੰ ਹਾਦਸੇ ਸਬੰਧੀ ਸੂਚਨਾ ਸਵੇਰੇ ਮਿਲੀ ਸੀ, ਜਿਸ ਉਤੇ ਫੌਰੀ ਕਾਰਵਾਈ ਕਰਦਿਆਂ ਅਸੀਂ ਐਂਬੂਲੈਂਸ ਲੈ ਕੇ ਮੌਕੇ ਉਤੇ ਪਹੁੰਚੇ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਪਹੁੰਚਦਿਆਂ ਇਕ ਬੱਚੇ ਦੀ ਮੌਤ ਹੋ ਗਈ ਸੀ, ਜਦਕਿ ਇਕ ਔਰਤ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ ਸੀ। ਹਾਦਸੇ ਵਿਚ 4 ਲੋਕਾਂ ਦੀ ਮੌਤ ਹੋਈ ਹੈ। ਸੰਗਰੂਰ ਦੀ ਐੱਸਡੀਐੱਮ ਨਵਰੀਤ ਕੌਰ ਨੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚ ਕੇ ਡਾਕਟਰੀ ਸਹੂਲਤਾਂ ਦਾ ਜਾਇਜ਼ਾ ਲਿਆ। ਸਾਰੇ ਮ੍ਰਿਤਕ ਪਿੰਡ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।