ਸੰਗਰੂਰ: ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਵੱਲੋਂ ਰੁਜ਼ਗਾਰ ਪ੍ਰਪਾਤੀ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਵਿੱਚ ਤੇਜ਼ੀ ਲਿਆਂਦੇ ਹੋਏ ਐਤਵਾਰ ਨੂੰ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਚਾਰ ਮੈਂਬਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ 'ਚ ਹਰਗੋਬਿੰਦਪੁਰਾ ਰੋਡ ਉੱਤੇ ਮੌਜੂਦ ਮੋਬਾਈਲ ਕੰਪਨੀ ਟਾਵਰ ਉੱਤੇ ਚੜ੍ਹ ਗਏ ਹਨ ਅਤੇ ਬਾਕੀ ਮੈਂਬਰ ਟਾਵਰ ਦੇ ਹੇਠਾਂ ਬੈਠ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰ ਰਹੇ ਹਨ।
ਟਾਵਰ ਉੱਤੇ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਉੱਤੇ ਪੰਜਾਬ ਸਰਕਾਰ ਸਹਿਮਤੀ ਨਹੀਂ ਦਿੰਦੀ ਉਦੋਂ ਤੱਕ ਉਹ ਟਾਵਰ ਉੱਤੇ ਚੜ੍ਹੇ ਰਹਿਣਗੇ।
ਪ੍ਰਾਂਤੀਅ ਕਮੇਟੀ ਆਗੂ ਕ੍ਰਿਸ਼ਨ ਨਾਭਾ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਬੇਰੁਜ਼ਗਾਰ ਪੀਟੀਆਈ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਦੌਰਾਨ ਕਈ ਵਾਰ ਪੈਨਲਾਂ ਬੈਠਕਾਂ ਵੀ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਮੰਗ ਦੀ ਪੂਰਤੀ ਦੀ ਬਜਾਏ ਸਿਰਫ਼ ਭਰੋਸਾ ਹੀ ਮਿਲ ਰਿਹਾ ਹੈ। ਇਕ ਨਵੰਬਰ ਨੂੰ ਪੀਟੀਆਈ ਬੇਰੁਜ਼ਗਾਰ ਅਧਿਆਪਕਾਂ ਨੇ ਮਹਾਵੀਰ ਚੌਕ 'ਚ ਦਿਨ ਭਰ ਚੱਕਾ ਜਾਮ ਕੀਤਾ, ਜਿਸ ਤੋਂ ਬਾਅਦ ਪ੍ਰਸਾਸ਼ਨ ਨੇ ਸਿੱਖਿਆ ਮੰਤਰੀ ਨਾਲ ਪੈਨਲ ਬੈਠਕ ਕਰਵਾਉਣ ਲਈ ਪੱਤਰ ਦਿੱਤਾ ਸੀ ਪਰ ਉਨ੍ਹਾਂ ਦੀ ਪੈਨਲ ਬੈਠਕ ਅਜੇ ਤਕ ਨਹੀਂ ਕਰਵਾਈ ਗਈ।