ਮਲੇਰਕੋਟਲਾ: ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਜਿੱਤਵਾਲ, ਮਣਾਕਵਾਲ ਖੁਰਦ, ਧੰਨੋ, ਰੋਹਣੋ 'ਚ ਕਿਸਾਨਾਂ ਦੀ ਖੜੀ ਫਸਲ ਅੱਗ ਦੀ ਲਪੇਟ 'ਚ ਆ ਗਈ । ਅੱਗ ਏਨੀ ਭਿਆਨਕ ਸੀ ਕਿ ਕਈ ਏਕੜ ਫਸਲ ਸੜ ਕੇ ਸੁਆਹ ਹੋ ਗਈ। ਪਿੰਡ ਵਾਲਿਆਂ ਦਾ ਕਹਿਣਾ ਕਿ ਇਸ ਅੱਗ 'ਚ ਚਾਰ ਸੌ ਏਕੜ ਦੇ ਕਰੀਬ ਰਕਬਾ ਅੱਗ ਦੀ ਲਪੇਟ 'ਚ ਆ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਦਾ ਕਹਿਣਾ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਨਾਲ ਇਹ ਅੱਗ ਲੱਗੀ ਹੈ। ਉਨ੍ਹਾਂ ਦਾ ਕਹਿਣਾ ਕਿ ਪਹਿਲਾਂ ਵੀ ਬਿਜਲੀ ਦੀਆਂ ਤਾਰਾਂ ਕਾਰਨ ਅੱਗ ਲੱਗ ਚੁੱਕੀ ਹੈ। ਇਸ ਅੱਗ 'ਤੇ ਕਾਫੀ ਮੁਸ਼ੱਕਤ ਤੋਂ ਬਾਅਦ ਹੀ ਕਾਬੂ ਪਾਇਆ ਗਿਆ। ਉਨ੍ਹਾਂ ਦਾ ਕਹਿਣਾ ਕਿ ਨਾਲ ਲੱਗਦੇ ਸੂਏ ਵਿਚੋਂ ਪਾਣੀ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਅਤੇ ਬਿਜਲੀ ਵਿਭਾਗ ਖਿਲਾਫ਼ ਰੋਸ ਜਾਹਿਰ ਕਰਦਿਆਂ ਕਿਹਾ ਕਿ ਹੁਣ ਤੱਕ ਕਿਸੇ ਵੀ ਅਧਿਕਾਰੀ ਵਲੋਂ ਮੌਕੇ ਦਾ ਜਾਇਜ਼ਾ ਨਹੀਂ ਲਿਆ ਗਿਆ। ਕਿਸਾਨਾਂ ਦਾ ਕਹਿਣਾ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹਰ ਵਾਰ ਹੁੰਦਾ ਹੈ।
ਉਧਰ ਇਸ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਮਲੇਰਕੋਟਲਾ ਦੇ ਸਮਾਜ ਸੇਵੀ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕਿਸਾਨਾਂ ਦੀ ਵਿੱਤੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਵਲੋਂ ਕਿਸਾਨਾਂ ਨੂੰ ਪੰਜ ਲੱਖ ਦੀ ਰਾਸ਼ੀ ਦਿੱਤੀ ਗਈ ਹੈ ਤਾਂ ਜੋ ਕਿਸਾਨਾਂ ਦੀ ਕੁਝ ਹੱਦ ਤੱਕ ਭਰਪਾਈ ਹੋ ਸਕੇ। ਉਨ੍ਹਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀ ਮਦਦ ਕਰਨ ਲਈ ਅੱਗੇ ਆਉਣ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਸਰਕਾਰਾਂ ਤੋਂ ਕਿਸੇ ਨੂੰ ਵੀ ਉਮੀਦ ਨਹੀਂ ਹੈ ਕਿ ਕਿਸਾਨਾਂ ਦੀ ਬਰਬਾਦ ਹੋਈ ਫਸਲ ਦਾ ਉਨ੍ਹਾਂ ਵਲੋਂ ਮੁਆਵਜ਼ਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਦੋ ਪਰਿਵਾਰਾਂ ਦੀ ਤੋਹਮਤਬਾਜ਼ੀ ਨੇ ਰੋਲ੍ਹੀ ਮ੍ਰਿਤਕਾ ਦੀ ਮਿੱਟੀ !