ਸੰਗਰੂਰ: ਪੰਜਾਬ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਆਮ ਲੋਕਾਂ ਲਈ ਇਹ ਵੱਧਦੀ ਗਿਣਤੀ ਪਰੇਸ਼ਾਨੀ ਦਾ ਕਾਰਨ ਬਣ ਚੁੱਕੀ ਹੈ। ਇੱਥੋਂ ਤੱਕ ਕਿ ਜ਼ਿਲ੍ਹਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਅਗਸਤ ਮਹੀਨੇ ਵਿੱਚ ਹੀ ਲਗਭਗ ਅੱਠ ਮੌਤਾਂ ਆਵਾਰਾ ਪਸ਼ੂਆਂ ਦੇ ਕਾਰਨ ਹੋ ਚੁੱਕੀਆਂ ਹਨ।
ਇਸ ਨੂੰ ਲੈ ਕੇ ਸੰਗਰੂਰ ਦੇ ਲੋਕਾਂ ਵੱਲੋਂ ਸਾਂਝੀ ਇੱਕੀ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਜੋ ਕਿ ਹੁਣ ਅਵਾਰਾ ਪਸ਼ੂਆਂ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਕੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ।
ਇਸ ਦੀ ਸ਼ੁਰੂਆਤ ਸੰਗਰੂਰ ਜ਼ਿਲ੍ਹੇ ਵਿੱਚ ਸਾਂਝੇ ਤੌਰ 'ਤੇ ਪ੍ਰਦਰਸ਼ਨ ਕਰਕੇ ਪਹਿਲਾਂ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਉੱਘੇ ਸਮਾਜ ਸੇਵੀ ਲੋਕਾਂ ਨੇ ਹਿੱਸਾ ਲਿਆ ਤੇ ਆਮ ਲੋਕਾਂ ਨੇ ਵੀ ਇਸ ਨੂੰ ਆਪਣੀ ਲੜਾਈ ਬਣਾ ਕੇ ਇੱਕ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਵਿੱਚ ਜਦੋਂ ਪ੍ਰਸ਼ਾਸਨ ਨਹੀਂ ਜਾਗਿਆ ਤਾਂ ਉਸ ਤੋਂ ਬਾਅਦ ਕਾਨੂੰਨੀ ਮਾਹਿਰਾਂ ਵੱਲੋਂ ਇੱਕ ਕਾਨੂੰਨੀ ਲੜਾਈ ਵੀ ਨਾਲੋਂ ਨਾਲ ਸ਼ੁਰੂ ਕੀਤੀ ਗਈ ਹੈ।