ਸੰਗਰੂਰ:ਲੰਮੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਦੇ ਸਫਾਈ ਸੇਵਕ ਹੜਤਾਲ 'ਤੇ ਹਨ, ਜਿਸ ਕਾਰਨ ਹਸਪਤਾਲ ਦੇ ਵਿੱਚ ਚਾਰੋ ਪਾਸੇ ਗੰਦਗੀ ਫੈਲ ਚੁੱਕੀ ਹੈ।
ਕਰਮਚਾਰੀਆਂ ਵੱਲੋਂ ਸਫ਼ਾਈ ਦਾ ਕੰਮ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ, ਜਿਸ ਕਰਕੇ ਉਨ੍ਹਾਂ ਵੱਲੋਂ ਧਰਨੇ ਲਗਾਏ ਜਾ ਰਹੇ ਹਨ, ਜਿਸ ਨਾਲ ਮਲੇਰਕੋਟਲਾ ਸਰਕਾਰੀ ਹਸਪਤਾਲ ਦੇ ਵਿੱਚ ਗੰਦਗੀ ਦਾ ਚਾਰੋਂ ਪਾਸੇ ਆਲਮ ਹੈ, ਭਾਵੇਂ ਕਿ ਬਾਥਰੂਮਾਂ ਦੀ ਗੱਲ ਕਰੀਏ ਜਾਂ ਫਿਰ ਵਾਰਡਾਂ ਦੀ, ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਨੂੰ ਲੈ ਕੇ ਵੀ ਕਾਫੀ ਸਮੱਸਿਆ ਪੈਦਾ ਹੋਈ ਹੈ।
ਇੰਨ੍ਹਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਤਨਖਾਹਾਂ ਰੁਕੀਆਂ ਹੋਈਆਂ ਹਨ, ਜਿਸ ਕਰਕੇ ਉਹ ਆਪਣਾ ਕੰਮ ਛੱਡ ਕੇ ਧਰਨੇ 'ਤੇ ਬੈਠੇ ਹਨ ਤੇ ਜਦੋਂ ਤੱਕ ਉਨ੍ਹਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ, ਉਹ ਇਸੇ ਤਰ੍ਹਾਂ ਕੰਮ ਬੰਦ ਕਰਕੇ ਧਰਨਾ ਜਾਰੀ ਰੱਖਣਗੇ।
ਕਰਮਚਾਰੀਆਂ ਨੇ ਕਿਹਾ ਕਿ ਰੋਜ਼ਾਨਾ ਉਹ ਬਾਥਰੂਮਾਂ ਤੋਂ ਲੈ ਕੇ ਵਾਰਡਾਂ ਤੱਕ ਅਤੇ ਹੋਰ ਵੀ ਸਫਾਈ ਕਰਦੇ ਸੀ, ਜੇਕਰ ਸਫਾਈ ਨਾ ਹੋਈ ਤਾਂ ਕੋਰੋਨਾ ਹੀ ਨਹੀਂ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋਣਗੀਆਂ, ਕਿਉਂਕਿ ਸੂਬਾ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਅਲੱਗ-ਅਲੱਗ ਅਦਾਰਿਆਂ ਨੂੰ ਕੋਰੋਨਾ ਵਇਰਸ ਦੇ ਚੱਲਦਿਆਂ ਸੁਚੇਤ ਰਹਿਣ ਤੇ ਆਪਣੇ ਆਲੇ-ਦੁਆਲੇ ਸਫਾਈ ਰੱਖਣ ਦੀਆਂ ਹਦਾਇਤਾਂ ਵਿਸ਼ੇਸ਼ ਤੌਰ 'ਤੇ ਜਾਰੀ ਕੀਤੀਆਂ ਗਈਆਂ ਹਨ ਪਰ ਇਸਦੇ ਉਲਟ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਦੇ ਵਿਚ ਸਫ਼ਾਈ ਨਾ ਹੋਣ ਕਰਕੇ ਚਾਰੋਂ ਪਾਸੇ ਗੰਦਗੀ ਫੈਲੀ ਹੋਈ ਹੈ।
ਇਹ ਵੀ ਪੜੋ: ਕੋਰੋਨਾ ਵਾਇਰਸ: 'ਹਰ ਕਿਸੇ ਲਈ ਮਾਸਕ ਲਗਾਉਣਾ ਜ਼ਰੂਰੀ ਨਹੀਂ'
ਇਸ ਸਬੰਧ ਵਿੱਚ ਜਦੋਂ ਸਰਕਾਰੀ ਹਸਪਤਾਲ ਦੇ ਮੁਖੀ ਐਸਐੱਮਓ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵੱਲੋਂ ਇਨ੍ਹਾਂ ਕਰਮਚਾਰੀਆਂ ਦੀਆਂ ਸਾਰੀਆਂ ਤਨਖ਼ਾਹਾਂ ਕਈ ਦਿਨ ਪਹਿਲਾਂ ਠੇਕੇਦਾਰ ਦੇ ਖਾਤੇ ਵਿਚ ਪਾ ਦਿੱਤੀਆਂ ਹਨ ਅਤੇ ਇਨ੍ਹਾਂ ਦਾ ਜੋ ਵੀ ਤਨਖਾਹ ਘੱਟ ਵੱਧ ਨੂੰ ਲੈ ਕੇ ਰੌਲਾ ਉਹ ਠੇਕੇਦਾਰ ਨਾਲ ਹੈ ਨਾ ਕਿ ਹਸਪਤਾਲ ਦੇ ਨਾਲ।