ਸੰਗਰੂਰ: ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ‘ਤੇ ਸਿੱਖਿਆ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਹੋਏ ਲਾਠੀਚਾਰਜ ਦੇ ਰੋਸ ਵਜੋਂ ਵੱਖ-ਵੱਖ ਸੰਘਰਸ਼ਸ਼ੀਲ ਨੌਜਵਾਨ, ਵਿਦਿਆਰਥੀ, ਅਧਿਆਪਕ-ਮੁਲਾਜ਼ਮ ਅਤੇ ਇਨਸਾਫ਼-ਪਸੰਦ ਜਥੇਬੰਦੀਆਂ ਵੱਲੋਂ ਸੰਗਰੂਰ ਡੀਸੀ ਦਫ਼ਤਰ ਨੇੜੇ ਲਾਲ-ਬੱਤੀ ਚੌਕ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਰਥੀ ਫੂਕਦਿਆਂ ਰੋਸ-ਮੁਜ਼ਾਹਰਾ ਕੀਤਾ।
ਇਸ ਮੌਕੇ ਟੈੱਟ ਪਾਸ ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਪ ਬਨਾਰਸੀ ਅਤੇ ਬੀਐੱਡ ਅਧਿਆਪਕ ਯੂਨੀਅਨ ਦੇ ਰਣਦੀਪ ਸੰਗਤਪੁਰਾ ਨੇ ਕਿਹਾ ਢਾਈ ਮਹੀਨਿਆਂ ਤੋਂ ਲਗਾਤਾਰ ਪੱਕੇ-ਮੋਰਚੇ ਲਾ ਕੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਪ੍ਰਤੀ ਪੰਜਾਬ ਸਰਕਾਰ ਵੱਲੋਂ ਤਾਨਾਸ਼ਾਹੀ ਭਰਿਆ ਰਵੱਈਆ ਅਪਣਾਇਆ ਜਾ ਰਿਹਾ ਹੈ।
ਰੁਜ਼ਗਾਰ ਮੰਗਦੇ ਹੱਥਾਂ ‘ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਈਟੀਟੀ ਉਮੀਦਵਾਰਾਂ ਤੇ ਮੜ੍ਹੀ ਗ੍ਰੈਜੂਏਸ਼ਨ ਅਤੇ ਬੀਐੱਡ ਉਮੀਦਵਾਰਾਂ ‘ਤੇ ਮੜ੍ਹੀ 55 ਫੀਸਦੀ ਸ਼ਰਤ ਤੁਰੰਤ ਖਤਮ ਕਰਨ, ਖਾਲੀ ਪਈਆਂ ਅਧਿਆਪਕ ਅਸਾਮੀਆਂ ਭਰਨ ਲਈ ਈਟੀਟੀ ਅਤੇ ਬੀਐੱਡ ਦੀਆਂ 30 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਬੇਰੁਜ਼ਗਾਰ ਅਧਿਆਪਕਾਂ ਦੇ ਹੌਸਲੇ ਬੁਲੰਦ ਹੋਏ ਹਨ, ਜਥੇਬੰਦੀਆਂ ਦਾ ਸਹਿਯੋਗ ਉਹਨਾਂ ਦੇ ਸੰਘਰਸ਼ ਨੂੰ ਯੋਗ ਅਗਵਾਈ ਦੇਵੇਗਾ।
ਇਹ ਵੀ ਪੜੋ: ਲੁਧਿਆਣਾ ਖੁਦਕੁਸ਼ੀ ਮਾਮਲਾ: ਮ੍ਰਿਤਕ ਵਿਦਿਆਰਥੀ ਦਾ ਕੀਤਾ ਗਿਆ ਸਸਕਾਰ
ਪੰਜਾਬ ਦੀਆਂ ਇਹ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਵੱਡੇ-ਵੱਡੇ ਮੋਰਚੇ ਜਿੱਤੇ ਹਨ, ਹੁਣ ਇਹ ਸੰਘਰਸ਼ ਵੀ ਹੋਰ ਤੇਜ਼ ਹੋਵੇਗਾ। ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਵਾਅਦੇ ਮੁਤਾਬਿਕ 8 ਦਸੰਬਰ ਤੱਕ ਅਧਿਆਪਕ ਭਰਤੀ ਦੀਆਂ ਸ਼ਰਤਾਂ ਬਦਲਣ ਦਾ ਅਲਟੀਮੇਟਮ ਦਿੱਤਾ ਹੈ, ਅਜਿਹਾ ਨਾ ਹੋਣ ‘ਤੇ ਮੁੜ ਕੋਠੀ ਦੇ ਘਿਰਾਓ ਦੀ ਚਿਤਾਵਨੀ ਵੀ ਦਿੱਤੀ ਹੈ।