ਸੰਗਰੂਰ: ਜ਼ਿਲ੍ਹਾ ਪੁਲਿਸ ਨੇ 4 ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਐਸ.ਐਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ 22 ਜਨਵਰੀ ਨੂੰ ਸੰਗਰੂਰ ਸੀ.ਆਈ.ਏ ਅਤੇ ਥਾਣਾ ਚੀਮਾ ਦੀ ਪੁਲਿਸ ਵੱਲੋਂ ਚਲਾਈ ਗਈ ਕਾਰਵਾਈ ਦੌਰਾਨ ਉਨ੍ਹਾਂ ਨੇ ਨਾਕਾ ਲਗਾਇਆ ਸੀ, ਜਿਸ 'ਚ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚਾਰ ਵੱਡੇ ਅਪਰਾਧੀ ਜੋ ਕਿ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਕੈਨੇਡਾ ਵਿਚ ਰਹਿੰਦੇ ਗੈਂਗਸਟਰ ਨਾਲ ਸਬੰਧ: ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਸੀ ਜਿਸ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਫਿਰ ਇਸੇ ਕੜੀ ਤਹਿਤ ਪੁਲਿਸ ਨੇ ਨਾਕਾਬੰਦੀ ਕੀਤੀ, ਜਿੱਥੇ ਇਕ ਆਲਟੋ ਰੰਗ ਦੀ ਕਾਰ 'ਚ ਭਿਆਨਕ ਹਥਿਆਰਾਂ ਸਮੇਤ ਚਾਰ ਗੈਂਗਸਟਰ ਕਾਬੂ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ 1 ਰਿਵਾਲਵਰ 32 ਬੋਰ, 2 ਕਾਟਾ 315 ਬੋਰ, 1 ਰਾਈਫਲ 315 ਬੋਰ ਅਤੇ 16 ਜਿੰਦਾ ਕਾਰਤੂਸ ਸਮੇਤ ਆਲਟੋ ਕਾਰ 'ਚ ਸਵਾਰ ਹੋ ਕੇ ਜਾਂਦੇ ਸਮੇਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਚਾਰੇ ਵਿਅਕਤੀ ਸੁਖਵਿੰਦਰ ਸਿੰਘ ਉਰਫ ਸੁੱਖਾ ਨਾਲ ਸਬੰਧਤ ਸਨ, ਜੋ ਕਿ ਵਰਤਮਾਨ ਵਿੱਚ ਉਹ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਪੰਜਾਬ ਵਿੱਚ ਪੈਸੇ ਲੈ ਕੇ ਲੋਕਾਂ ਨੂੰ ਮਾਰਨ ਦਾ ਕੰਮ ਕਰਦਾ ਹੈ, ਇਹ ਚਾਰੇ ਉਸਦੇ ਨਾਲ ਮਿਲ ਕੇ ਕੰਮ ਕਰਦੇ ਸਨ ਅਤੇ ਗ੍ਰਿਫਤਾਰੀ ਸਮੇਂ ਇਹਨਾਂ ਨੇ ਮਾਨਸਾ ਇਲਾਕੇ ਵਿੱਚ ਇੱਕ ਕਤਲ ਨੂੰ ਅੰਜਾਮ ਦੇਣਾ ਸੀ, ਜਿਸਦੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ।
ਪੈਸਿਆਂ ਬਦਲੇ ਕਰਦੇ ਸਨ ਕਤਲ: ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਇਹ ਕੈਨੇਡਾ ਰਹਿੰਦੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਢੋਣੇ ਨਾਲ ਮਿਲ ਕੇ ਇਹ ਚਾਰੇ ਪੈਸੇ ਲਈ ਕਤਲ ਜਾਂ ਫਿਰੌਤੀ ਦਾ ਕੰਮ ਕਰਦੇ ਸਨ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।ਜ਼ਿਕਰਯੋਗ ਹੈ ਕਿ ਪੰਜਾਬ ਵਿਚ ਲਗਾਤਾਰ ਖਰਾਬ ਹੋ ਰਹੀ ਲਾਅ ਅਤੇ ਆਰਡਰ ਦੀ ਸਥਿਤੀ ਕਾਰਨ ਨਿਤ ਦਿਨ ਅਪਰਾਧਿਕ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਜਿਸਨੂੰ ਲੈਕੇ ਪੁਲਿਸ ਸਰਗਰਮ ਹੈ। ਹੁਣ ਇਹਨਾਂ ਗੈਂਗਸਟਰਾਂ ਤੋਂ ਹੋਰ ਪੁੱਛ ਗਿੱਛ ਕੀਤੀ ਜਾਵੇਗੀ।