ਸੰਗਰੂਰ: ਕਣਕ ਦੀ ਖ਼ਰੀਦ ਦੇ ਆਉਣ ਵਾਲੇ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਨਾਜ ਮੰਡੀਆਂ ਵਿੱਚ ਪਹੁੰਚਾਉਣ ਵਾਲੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਅਧਿਕਾਰੀਆਂ ਸਮੇਤ ਵੱਖ-ਵੱਖ ਵਰਗਾਂ ਨੂੰ ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵਾਂ ਤੋਂ ਮੁਕਤ ਰੱਖਣ ਲਈ ਕੋਵਿਡ ਸੇਫਟੀ ਸਟੇਸ਼ਨ ਤਿਆਰ ਕਰਵਾਇਆ ਗਿਆ ਹੈ, ਜਿਸ ਨੂੰ ਪਾਇਲਟ ਪ੍ਰੋਜੈਕਟ ਵਜੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ 10 ਅਪ੍ਰੈਲ ਤੋ ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਪ੍ਰਕਿਰਿਆ ਆਰੰਭ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕਣਕ ਦੀ ਕੁੱਲ ਖਰੀਦ ਦਾ 10 ਫ਼ੀਸਦੀ ਤੋਂ ਵੱਧ ਹਿੱਸਾ ਕੇਵਲ ਸੰਗਰੂਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਖਰੀਦਿਆ ਜਾਂਦਾ ਹੋਣ ਕਾਰਨ ਸੁਭਾਵਿਕ ਹੈ ਕਿ ਇਥੇ ਹੋਰਨਾਂ ਜ਼ਿਲ੍ਹਿਆ ਨਾਲੋਂ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਦੀ ਆਮਦ ਵਧੇਰੇ ਹੁੰਦੀ ਹੈ ਅਤੇ ਅਜਿਹੇ ਵੇਲੇ ਅਨਾਜ ਦੀ ਖਰੀਦੋ-ਫਰੋਖ਼ਤ ਨਾਲ ਜੁੜੇ ਇਨ੍ਹਾਂ ਸਮੂਹ ਵਰਗਾਂ ਦੀ ਸਿਹਤ ਸੁਰੱਖਿਆ ਇਕ ਵੱਡੀ ਚੁਣੌਤੀ ਜਾਪ ਰਿਹਾ ਸੀ ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ ਸੇਫਟੀ ਸਟੇਸ਼ਨ ਦਾ ਨਿਰਮਾਣ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੇਫਟੀ ਸਟੇਸ਼ਨ ਰਾਹੀਂ ਹਰੇਕ ਨਾਗਰਿਕ ਨੂੰ ਚਾਰ ਵੱਖ-ਵੱਖ ਪੜ੍ਹਾਵਾਂ ਦੀ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ।ਜਿਸ ਤਹਿਤ ਪਹਿਲੇ ਪੜਾਅ ਵਿਚ ਇਨਫ੍ਰਾਰੈਡ ਥਰਮਲ ਸਕੈਨਰ ਰਾਹੀ ਵਿਅਕਤੀ ਦੇ ਸਰੀਰਕ ਤਾਪਮਾਨ ਦਾ ਨਿਰੀਖਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਰਾਹੀ ਜੇ ਕਿਸੇ ਵਿਅਕਤੀ ਦਾ ਤਾਪਮਾਨ ਵਧਿਆ ਹੋਇਆ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਿਵਲ ਹਸਪਤਾਲ ਵਿਚ ਸਥਾਪਤ ਕੀਤੇ ਗਏ ਫਲੂ ਸੈਂਟਰ ਵਿਚ ਭੇਜ ਦਿੱਤਾ ਜਾਵੇਗਾ, ਜਿਥੇ ਕਿ ਡਾਕਟਰਾਂ ਵੱਲੋਂ ਉਸ ਦੇ ਹੋਰ ਮੁੱਢਲੇ ਟੈਸਟ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਜੇ ਪਹਿਲੇ ਪੜਾਅ ਵਿਚ ਤਾਪਮਾਨ ਸਹੀ ਪਾਇਆ ਜਾਂਦਾ ਹੈ ਤਾਂ ਉਹ ਨਾਗਰਿਕ ਸੇਫਟੀ ਸੈਂਟਰ ਵੱਲ ਵਧੇਗਾ ਜਿਥੇ ਕਿ ਹੱਥ ਧੋਣ ਲਈ ਸਥਾਨ ਬਣਿਆ ਹੋਵੇਗਾ ਅਤੇ ਟੂਟੀ ਨੂੰ ਹੱਥ ਨਾਲ ਚਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਬਲਕਿ ਪੈਰ ਨਾਲ ਦਬਾਉਣ ਲਈ ਪੈਡਲਨੁਮਾ ਯੰਤਰ ਲਗਾਇਆ ਗਿਆ ਹੈ ਜਿਸ ਨੂੰ ਦਬਾਉਣ ਨਾਲ ਪਾਣੀ ਚਾਲੂ ਹੋ ਜਾਵੇਗਾ ਅਤੇ ਇਸ ਤੋਂ ਤੁਰੰਤ ਬਾਅਦ ਨਾਗਰਿਕ ਅਗਲੇ ਬੂਥ ਵਿੱਚ ਦਾਖਲ ਹੋਵੇਗਾ ਜਿਥੇ ਕਿ ਸੋਡੀਅਮ ਹਾਇਪੋਕਲੋਰਾਇਟ ਦੇ ਆਟੋਮੈਟਿਕ ਪ੍ਰਣਾਲੀ ਨਾਲ ਹੋਣ ਵਾਲੇ ਛਿੜਕਾਅ ਨਾਲ ਸਮੁੱਚੇ ਸਰੀਰ ਨੂੰ ਕੱਪੜਿਆਂ ਸਮੇਤ ਸੰਕ੍ਰਮਣ ਰਹਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਛਿੜਕਾਅ ਤੋਂ ਬਾਅਦ ਹੱਥ ਸੁਕਾਉਣ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ, ਜੋ ਕਿ ਤੌਲ਼ੀਆ ਰਹਿਤ ਹੋਵੇਗੀ ਕਿਉਂਕਿ ਇੱਕੋ ਤੌਲੀਏ ਦੀ ਵਰਤੋਂ ਵੱਖ-ਵੱਖ ਨਾਗਰਿਕਾਂ ਦੁਆਰਾ ਕੀਤੇ ਜਾਣ ਤੇ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਵਧੇਰੇ ਹੁੰਦਾ ਹੈ। ਉਨ੍ਹਾ ਦੱਸਿਆ ਕਿ ਇਸੇ ਬੂਥ ਵਿਚ ਛੱਤ 'ਤੇ ਪੱਖਾ ਲੱਗਿਆ ਹੋਵੇਗਾ ਜਿਸ ਨਾਲ ਕੱਪੜੇ ਵੀ ਸੁੱਕ ਜਾਣਗੇ ਅਤੇ ਇਸ ਸਮੁੱਚੀ ਚਾਰ ਪ੍ਰਣਾਲੀ ਪ੍ਰਕਿਰਿਆ ਵਿਚ ਮਹਿਜ਼ ਇਕ ਮਿੰਟ ਲੱਗੇਗਾ।
ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ 'ਤੇ ਇਸ ਕੋਵਿਡ ਸੇਫਟੀ ਸਟੇਸ਼ਨ ਨੂੰ ਡੀ.ਸੀ. ਕੰਪਲੈਕਸ ਵਿਖੇ ਸਥਾਪਤ ਕੀਤਾ ਗਿਆ ਹੈ ਅਤੇ ਕਣਕ ਦਾ ਸੀਜ਼ਨ ਰਸਮੀ ਤੌਰ 'ਤੇ ਆਰੰਭ ਹੋਣ 'ਤੇ ਇਸ ਨੂੰ ਮੰਡੀਆਂ ਵਿਚ ਸਥਾਪਤ ਕਰਵਾਇਆ ਜਾਵੇਗਾ।