ਸੰਗਰੂਰ: ਕਸਬਾ ਲੌਂਗੋਵਾਲ ਵਿੱਚ ਇੱਕ ਪੁੱਲ ਉਦਘਾਟਨ ਕਰਨ ਲਈ ਪਹੁੰਚੇ ਕੈਬਿਨੇਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਲੋਕਾਂ ਨੇ ਘਰਾਓ ਕਰਨ ਦੀ ਕੋਸ਼ਿਸ਼ ਕੀਤੀ। ਥਾਣਾ ਲੌਂਗੋਵਾਲ ਦੇ ਮੁਖੀ ਵੱਲੋਂ ਇਲਾਕੇ ਦੇ ਰਫ਼ਿਊਜੀ ਭਾਈਚਾਰੇ ਦੇ ਬਾਰੇ ਕੀਤੀਆਂ ਗਈਆਂ ਭੱਦੀਆ ਟਿੱਪਣੀਆਂ ਅਤੇ ਨਜਾਇਜ਼ ਸ਼ਰਾਬ ਦੇ ਦਰਜ ਕੀਤੇ ਗਏ ਝੂਠੇ ਪਰਚਿਆਂ ਵਿਰੁੱਧ ਇਲਾਕੇ ਦੇ ਲੋਕਾਂ ਨੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਬਲ ਦੀ ਵਰਤੋਂ ਕਰਦੇ ਹੋਏ ਉਦਘਾਟਨ ਵਾਲੀ ਥਾਂ 'ਤੇ ਜਾਣ ਤੋਂ ਰੋਕ ਦਿੱਤਾ।
ਇਸ ਮੌਕੇ ਕੇਕੇਯੂ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਬੀਤੀ 3 ਅਗਸਤ ਤੋਂ ਥਾਣਾ ਲੌਂਗੋਵਾਲ ਦੇ ਪੁਲਿਸ ਮੁਖੀ ਨੇ ਪਿੰਡ ਤੱਕੀਪੁਰ ਅਤੇ ਰੱਤੋਕੇ ਵਿੱਚ ਛਾਪੇਮਾਰੀ ਕਰਕੇ ਚਾਰ ਨਜਾਇਜ਼ ਸ਼ਰਾਬ ਦੇ ਝੂਠੇ ਪਰਚੇ ਦਰਜ ਕੀਤੇ ਸਨ। ਇਸ ਦੌਰਾਨ ਜਦੋਂ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਥਾਣਾ ਮੁਖੀ ਨੂੰ ਮਿਲਣ ਲਈ ਪਹੁੰਚੀਆਂ ਤਾਂ ਥਾਣਾ ਮੁਖੀ ਨੇ ਵੰਡ ਵੇਲੇ ਚੜ੍ਹਦੇ ਪੰਜਾਬ ਆਏ ਸ਼ਨਾਰਥੀ ਭਾਈਚਾਰੇ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਉਨ੍ਹਾਂ ਦੀ ਮੰਗ ਹੈ ਕਿ ਥਾਣਾ ਮੁਖੀ 'ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪਿੰਡ ਤੱਕੀਪੁਰ ਦੇ ਸਾਬਕਾ ਸਰਪੰਚ ਮਨਿੰਦਰ ਪਾਲ ਸਿੰਘ ਨੇ ਕਿਹਾ ਕਿ ਐੱਸਐੱਚਓ ਸਿਆਸੀ ਥਾਪੜੇ ਦੇ ਜ਼ੋਰ 'ਤੇ ਇਲਾਕੇ ਵਿੱਚ ਵਧੀਕੀਆ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਰਫ਼ਿਊਜੀ ਭਾਈਚਾਰੇ ਨੂੰ ਜਾਣਬੁੱਝ ਕੇ ਬਦਨਾਮ ਕਰ ਰਹੀ ਹੈ।
ਇਸ ਬਾਰੇ ਡੀਐੱਸਪੀ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਇਸ ਮਾਮਲੇ ਦੀ ਜਾਂਚ ਚੱਲ ਰਹੀ ਅਤੇ ਇੱਕ ਹਫਤੇ ਵਿੱਚ ਜਾਂਚ ਪੂਰੀ ਕਰਕੇ ਇਸ ਮਾਮਲੇ ਦਾ ਨਿਪਟਾਰਾ ਕੀਤਾ ਜਾਵੇਗਾ।