ਸੰਗਰੂਰ: ਪ੍ਰਾਈਵੇਟ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਐਤਵਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਕੋਠੀ ਨੇੜੇ ਮੁੱਖ ਸੜਕ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਮਾਪਿਆਂ ਵੱਲੋਂ ਹੱਥਾਂ ਵਿਚ ਵੱਖ-ਵੱਖ ਨਾਅਰਿਆਂ ਵਾਲੇ ਮਾਟੋ ਚੁੱਕੇ ਹੋਏ ਹਨ। ਇਸ ਤੋਂ ਪਹਿਲਾਂ ਬੱਚਿਆਂ ਦੇ ਮਾਪੇ ਆਲ ਪੰਜਾਬ ਪੇਰੈਂਟਸ ਯੂਨੀਅਨ ਦੇ ਬੈਨਰ ਹੇਠ ਸੰਗਰੂਰ-ਲੁਧਿਆਣਾ ਮੁੱਖ ਮਾਰਗ ’ਤੇ ਮੈਕਸ ਆਟੋਜ਼ ਨੇੜੇ ਇਕੱਠੇ ਹੋਏ ਜਿਥੇ ਰੋਸ ਰੈਲੀ ਕੀਤੀ ਗਈ। ਇਸ ਮਗਰੋਂ ਰੋਸ ਮਾਰਚ ਕਰਦਿਆਂ ਸਿੰਗਲਾ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਗਿਆ। ਜਿਉਂ ਹੀ ਪ੍ਰਦਰਸ਼ਨਕਾਰੀ ਸਿੰਗਲਾ ਦੀ ਕੋਠੀ ਵੱਲ ਵਧੇ ਤਾਂ ਪੁਲੀਸ ਨੇ ਸਖਤ ਨਾਕਾਬੰਦੀ ਕਰਕੇ ਰੋਕ ਗਿਆ। ਪ੍ਰਦਰਸ਼ਨਕਾਰੀ ਮਾਪਿਆਂ ਵੱਲੋਂ ਕੋਠੀ ਨੇੜੇ ਪਟਿਆਲਾ-ਧੂਰੀ ਬਾਈਪਾਸ ਸੜਕ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਲਗਾ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਮਨਪ੍ਰੀਤ ਸਿੰਘ ਨਮੋਲ, ਸੁਭਾਸ਼ ਜਿੰਦਲ ਮਹਿਲਾਂ, ਭਾਕਿਯੂ ਸਿੱਧੂਪੁਰ ਦੇ ਆਗੂ ਰਣ ਸਿੰਘ ਚੱਠਾ, ਗੁਰਪਿਆਰ ਸਿੰਘ ਚੱਠਾ ਅਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ ਕਾਰਨ ਸਕੂਲ ਪਿਛਲੇ ਕਈ ਮਹੀਨਿਆਂ ਤੋਂ ਬੰਦ ਹਨ ਪਰ ਇਸਦੇ ਬਾਵਜੂਦ ਪ੍ਰਾਈਵੇਟ ਸਕੂਲਾਂ ਵਲੋਂ ਮਾਪਿਆਂ ਤੋਂ ਦਾਖਲਾ ਫੀਸਾਂ ਅਤੇ ਬੱਸਾਂ ਦੇ ਕਿਰਾਏ ਆਦਿ ਵਸੂਲਣ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਪ੍ਰਾਈਵੇਟ ਸਕੂਲਾਂ ਵੱਲੋਂ ਹਰ ਸਾਲ ਵਸੂਲੀ ਜਾਂਦੀ ਦਾਖਲਾ ਫੀਸ ਅਤੇ ਸਾਲਾਨਾ ਖਰਚੇ ਮੁਕੰਮਲ ਤੌਰ ’ਤੇ ਬੰਦ ਕੀਤੇ ਜਾਣ, ਲੌਕਡਾਊਨ ਦੇ ਸਮੇਂ ਦੌਰਾਨ ਫੀਸਾਂ ਪੂਰਨ ਰੂਪ ’ਚ ਮੁਆਫ਼ ਕੀਤੀਆਂ ਜਾਣ, ਸਿਰਫ਼ ਬਣਦੀ ਟਿਊਸ਼ਨ ਫੀਸ ਲਈ ਜਾਵੇ, ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਸਿਲੇਬਸ ਇੱਕ ਕੀਤਾ ਜਾਵੇ, ਹਰ ਪ੍ਰਾਈਵੇਟ ਸਕੂਲ ਵਿਚ ਬਣੀ ਪੇਰੈਂਟਸ ਟੀਚਰਜ਼ ਯੂਨੀਅਨ ਦੀ ਚੋਣ ਸਰਕਾਰੀ ਹਦਾਇਤਾਂ ਅਨੁਸਾਰ ਹੋਵੇ, ਜ਼ਿਲ੍ਹਾ ਪੱਧਰ ’ਤੇ ਬਣੀਆਂ ਫੀਸ ਰੈਗੂਲੇਟਰੀ ਕਮੇਟੀਆਂ ਨੂੰ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣ, ਸਾਰੇ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਵਿਸ਼ਾ ਲਾਜ਼ਮੀ ਕੀਤਾ ਜਾਵੇ, ਮੁੱਖ ਮੰਤਰੀ ਪੰਜਾਬ ਵੱਲੋਂ ਫੀਸਾਂ ਨਾ ਭਰਨ ਵਾਲੇ ਬਿਆਨ ਨੂੰ ਲਿਖਤੀ ਰੂਪ ਵਿੱਚ ਜਾਰੀ ਕਰਵਾਇਆ ਜਾਵੇ, ਪ੍ਰਾਈਵੇਟ ਸਕੂਲਾਂ ਵਿੱਚ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਨਾ ਹਟਾਇਆ ਜਾਵੇ ਅਤੇ ਬਣਦੀਆਂ ਤਨਖਾਹਾਂ ਦਾ ਭੁਗਤਾਨ ਕਰਵਾਇਆ ਜਾਵੇ।