ਮਲੇਰਕੋਟਲਾ : ਕਸਬਾ ਅਮਰਗੜ੍ਹ ਵਿੱਚ ਆਪਸੀ ਭਾਈਚਾਰਕ ਸਾਂਝ ਵੇਖਣ ਨੂੰ ਮਿਲਦੀ ਹੈ ਜਿੱਥੇ ਰਾਮ ਲੀਲਾ ਵਿੱਚ ਮੁੱਖ ਅਦਾਕਾਰੀ ਮੁਸਲਿਮ ਨੌਜਵਾਨ ਨਿਭਾਉਂਦੇ ਹਨ। ਮੁਹੰਮਦ ਸੁਲੇਮਾਨ ਅਤੇ ਮੁਹੰਮਦ ਤਾਹਿਰ ਪਿਛਲੇ 15 ਸਾਲਾਂ ਤੋਂ ਅਮਰਗੜ੍ਹ ਵਿਖੇ ਬਤੌਰ ਮੁੱਖ ਅਦਾਕਾਰ ਰੋਲ ਨਿਭਾਉਂਦੇ ਨਜ਼ਰ ਆਉਂਦੇ ਹਨ। ਸਿਰਫ ਮੁਸਲਿਮ ਨੌਜਵਾਨ ਹੀ ਨਹੀਂ ਬਲਕਿ ਕੁਝ ਸਿੱਖ ਨੌਜਵਾਨ ਬੱਚੇ ਵੀ ਅਦਾਕਾਰੀ ਦਿਖਾਉਂਦੇ ਨਜ਼ਰ ਆਉਂਦੇ ਹਨ। ਇਸ ਮੌਕੇ ਮੁਹੰਮਦ ਸੁਲੇਮਾਨ ਨੇ ਕਿਹਾ ਕਿ ਆਪਸੀ ਭਾਈਚਾਰੇ ਨੂੰ ਵਧਾਉਣ ਦੇ ਮਕਸਦ ਨਾਲ ਉਹ ਪਿਛਲੇ 15 ਸਾਲਾਂ ਤੋਂ ਰਾਮ ਲੀਲ੍ਹਾ ਵਿੱਚ ਬਤੌਰ ਭਰਤ ਦਾ ਰੋਲ ਨਿਭਾਉਂਦੇ ਆ ਰਹੇ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬਿਲਕੁਲ ਨਹੀਂ ਲੱਗਦਾ ਕਿ ਜਾਤ ਪਾਤ ਜਾਂ ਧਰਮ ਵਿੱਚ ਕੋਈ ਅੰਤਰ ਹੈ। ਉਧਰ ਰਾਮ ਲੀਲਾ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਆਪਸੀ ਭਾਈਚਾਰਕ ਵਧਾਉਣ ਦੇ ਮਕਸਦ ਨਾਲ ਇਹ ਰਾਮ ਲੀਲ੍ਹਾ 100 ਸਾਲ ਤੋਂ ਵੀ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ। ਇਸ ਵਿੱਚ ਹਰ ਧਰਮ ਦੇ ਨੌਜਵਾਨ, ਭਾਵੇਂ ਮੁਸਲਿਮ ਭਾਈਚਾਰੇ ਦੇ ਲੋਕ ਹੋਣ ਜਾਂ ਸਿੱਖ ਭਾਈਚਾਰੇ ਦੇ ਲੋਕ, ਸਾਰੇ ਅਦਾਕਾਰੀ ਨਿਭਾਉਂਦੇ ਨਜ਼ਰ ਆਉਂਦੇ ਹਨ। ਸਾਡਾ ਇਹ ਅਮੁੱਲ ਕਸਬਾ ਆਪਸੀ ਭਾਈਚਾਰਕ ਮਿਸਾਲ ਪੇਸ਼ ਕਰਦਾ ਹੈ ਅਤੇ ਅਸੀਂ ਸਭ ਹਰ ਇੱਕ ਦੇ ਤਿਓਹਾਰਾਂ ਵਿੱਚ ਸ਼ਾਮਿਲ ਹੁੰਦੇ ਹਾਂ।