ਮਾਲੇਰਕੋਟਲਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦੇ ਨਾਲ-ਨਾਲ ਨਿਗਮੀ ਘਰਾਣਿਆਂ ਦੇ ਕਾਰੋਬਾਰਾਂ ਦੇ ਬਾਹਰ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮਾਲੇਰਕੋਟਲਾ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਜਾਰੀ ਹੈ। ਇਸ ਧਰਨੇ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਵੀ ਸਾਥ ਦੇਣ ਲਈ ਪਹੁੰਚੀਆਂ ਹਨ।
ਮਲੇਰਕੋਟਲਾ ਸ਼ਹਿਰ ਦਾ ਮੁਸਲਿਮ ਭਾਈਚਾਰਾ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਡੱਟ ਕੇ ਸੰਘਰਸ਼ ਦਾ ਹਿੱਸਾ ਬਣੇ ਹੋਏ ਹਨ। ਇਨ੍ਹਾਂ ਕਿਸਾਨਾਂ ਦੇ ਲੰਗਰ ਵੀ ਰੋਜ਼ਾਨਾ ਮੁਸਲਿਮ ਭਾਈਚਾਰਾ ਲੈ ਕੇ ਆਉਂਦਾ ਹੈ। ਜੇਕਰ ਤਾਜ਼ਾ ਮਾਮਲੇ ਦੀ ਗੱਲਬਾਤ ਕਰੀਏ ਤਾਂ ਮਾਲੇਰਕੋਟਲਾ ਦੀਆਂ ਘਰੇਲੂ ਤੇ ਪੜ੍ਹੀਆਂ ਲਿਖੀਆਂ ਮਹਿਲਾਵਾਂ ਅਤੇ ਕੁੜੀਆਂ ਵੀ ਇਨ੍ਹਾਂ ਧਰਨਿਆਂ ਦੇ ਵਿੱਚ ਸ਼ਾਮਿਲ ਹੋਣ ਲੱਗੀਆਂ ਹਨ।
ਮਾਲੇਰਕੋਟਲਾ ਧੂਰੀ ਰੋਡ 'ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਦੇ ਸਾਹਮਣੇ ਪਿਛਲੇ ਅੱਠ ਦਿਨਾਂ ਤੋਂ ਚੱਲ ਰਹੇ ਧਰਨੇ ਵਿੱਚ ਜਮਾਤ ਇਸਲਾਮੀ ਹਿੰਦ ਨਾਂ ਦੀ ਇੱਕ ਸੰਸਥਾ ਦੀਆਂ ਸਟੂਡੈਂਟ ਮਹਿਲਾਵਾਂ ਅਤੇ ਨੌਜਵਾਨ ਵੀ ਸ਼ਾਮਲ ਹੋਈਆਂ। ਜਿਨ੍ਹਾਂ ਕੇਂਦਰ 'ਤੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਘੱਟ ਗਿਣਤੀਆਂ ਦੀ ਆਵਾਜ਼ ਨੂੰ ਦਬਾ ਕੇ ਰੱਖਿਆ ਅਤੇ ਹੁਣ ਇਹ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਬਰਬਾਦ ਕਰ ਰਹੀ ਹੈ।