ਮਲੇਰਕੋਟਲਾ: ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਵਿੱਚ ਗਣਤੰਤਰ ਦਿਹਾੜੇ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਤੋਂ ਪੱਤਰਕਾਰਾਂ ਨੇ ਕਈ ਸਵਾਲ-ਜਵਾਬ ਕੀਤੇ ਜਿਸ ਦੌਰਾਨ ਧੀਮਾਨ ਆਪਣੀ ਹੀ ਸਰਕਾਰ 'ਤੇ ਵਰ੍ਹਦੇ ਨਜ਼ਰ ਆਏ। ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਰੇਤ-ਬਜ਼ਰੀ ਦੇ ਰੇਟ ਘਟਾਉਣ ਦੇ ਵਾਅਦੇ ਨੂੰ ਨਾ ਪੂਰਾ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਧੀਮਾਨ ਨੇ ਕਿਹਾ ਕਿ ਪਹਿਲਾਂ ਅਕਾਲੀ ਮਾਫ਼ੀਆ ਦਾ ਕਬਜ਼ਾ ਸੀ, ਤੇ ਹੁਣ ਕਾਂਗਰਸੀ ਮਾਫ਼ੀਆ ਦਾ ਕਬਜ਼ਾ ਹੈ,ਜਿਸ ਕਰਕੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਅਸੂਲਾਂ ਤੇ ਪਹਿਰਾ ਦੇਣ ਦੀ ਹਿੰਮਤ ਕਰਦੇ ਹਨ ਜਿਸ ਲਈ ਭਾਵੇਂ ਕੋਈ ਵੀ ਕੁਰਬਾਨੀ ਦੇਣੀ ਪਵੇ, ਉਹ ਤਿਆਰ ਰਹਿੰਦੇ ਹਨ। ਵਿਧਾਇਕ ਧੀਮਾਨ ਨੇ ਕਿਹਾ ਕਿ ਅਮਰਗੜ੍ਹ ਵਿੱਚ ਬਣਾਏ ਗਏ ਸਮਾਰਟ ਸਕੂਲ, ਸੀਵਰੇਜ ਸਿਸਟਮ ਪਾਉਣ, ਅਮਰਗੜ੍ਹ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਬਾਹਰੀ ਬਾਈਪਾਸ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਅਹਿਮਦਗੜ੍ਹ ਵਿੱਚ ਓਵਰ ਬਰਿਜ ਬਣਾਉਣ ਲਈ ਸਰਕਾਰ ਦੀ ਸਿਫ਼ਤ ਕੀਤੀ ਤੇ ਨਾਲ ਹੀ ਕਿਹਾ ਕਿ ਸਰਕਾਰ ਨੇ ਜਿਹੜੇ ਚੰਗੇ ਕੰਮ ਕੀਤੇ ਉਨ੍ਹਾਂ ਲਈ ਸਰਕਾਰ ਦੀ ਤਾਰੀਫ਼ ਕਰਨੀ ਚਾਹੀਦੀ, ਜੋ ਗ਼ਲਤ ਕੀਤੇ ਉਨ੍ਹਾਂ ਲਈ ਨਿੰਦਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦਾ ਵੀ ਕੋਈ ਵਰਕਰ ਗ਼ਲਤ ਕੰਮ ਕਰਦਾ ਹੈ, ਤਾਂ ਉਹ ਉਸ ਦੀ ਮਦਦ ਨਹੀਂ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਬਣਾਉਣ ਤੋਂ ਪਹਿਲਾਂ ਖ਼ਜਾਨਾ ਖਾਲੀ ਹੋਣ ਬਾਰੇ ਪਤਾ ਸੀ ਪਰ ਸਾਡੇ ਲੀਡਰਾਂ ਨੇ ਫਿਰ ਵੀ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕਰਕੇ ਸਰਕਾਰ ਬਣਾ ਲਈ। ਉੱਥੇ ਹੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜੋ ਕਿ ਅਗਲੀ ਵਾਰ ਲੋਕਾਂ ਵਿੱਚ ਜਾਣ ਤੋਂ ਪਹਿਲਾਂ ਹਰ ਹਾਲਤ ਵਿੱਚ ਪੂਰੇ ਕਰਨੇ ਚਾਹੀਦੇ ਹਨ।