ਸੰਗਰੂਰ: ਲਹਿਰਾਗਾਗਾ ਦੇ ਪਿੰਡ ਚੁਲਾੜ ਕਲਾਂ ਦਾ ਰਹਿਣ ਵਾਲਾ ਨੌਜਵਾਨ ਪਿਛਲੇ 6-7 ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਬੁੱਧਵਾਰ ਨੂੰ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਪਰਿਵਾਰ ਨੇ ਹਾਈਵੇਅ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦਿਆ ਕਿਹਾ ਕਿ ਇਹ ਨੌਜਵਾਨ ਪਿਛਲੇ 6-7 ਦਿਨਾਂ ਤੋਂ ਲਾਪਤਾ ਸੀ ਅਤੇ ਉਨ੍ਹਾਂ ਵੱਲੋਂ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਪਰ ਪੁਲਿਸ ਨੇ ਉਸ ਨੂੰ ਲੱਭਣ ਵਿੱਚ ਕੋਈ ਹਿੰਮਤ ਨਹੀਂ ਦਿਖਾਈ। ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਉਨ੍ਹਾਂ ਨਾਲ ਇਨਸਾਫ਼ ਹੋਵੇ ਅਤੇ ਪੁਲਿਸ ਜਲਦੀ ਤੋਂ ਜਲਦੀ ਕਾਤਲਾਂ ਨੂੰ ਫੜ ਕੇ ਸਜ਼ਾ ਦਵਾਵੇ।
ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਹ ਲਾਸ਼ ਦਾ ਪੋਸਟਮਾਰਟਮ ਅਤੇ ਦਾਹ ਸੰਸਕਾਰ ਵੀ ਨਹੀਂ ਕਰਨਗੇ।
ਇਹ ਵੀ ਪੜ੍ਹੋ: ਸਿਟੀ ਸੈਂਟਰ ਘੁਟਾਲਾ ਮਾਮਲਾ: ਕੈਪਟਨ ਅਮਰਿੰਦਰ ਸਿੰਘ ਸਣੇ ਸਾਰੇ ਦੋਸ਼ੀ ਹੋਏ ਬਰੀ
ਡੀਐਸਪੀ ਬੂਟਾ ਸਿੰਘ ਨੇ ਦੱਸਿਆ ਕਿ ਕਾਲਾ ਸਿੰਘ, ਜਿਸਦੀ ਉਮਰ 35 ਸਾਲ ਹੈ, ਘਰ ਤੋਂ ਦਵਾਈ ਲੈਣ ਲਈ ਗਿਆ ਸੀ ਪਰ ਵਾਪਸ ਨਹੀਂ ਆਇਆ, ਜਿਸ ਦੇ ਲਾਪਤਾ ਹੋਣ ਦੀ ਰਿਪੋਰਟ ਥਾਣੇ ਵਿੱਚ ਦਰਜ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਟੋਹਾਣਾ ਨੇੜੇ ਭਾਖੜਾ ਵਿੱਚ ਉਸ ਨੌਜਵਾਨ ਦੀ ਲਾਸ਼ ਮਿਲੀ ਹੈ। ਪੋਸਟਮਾਰਟਮ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।