ਮਲੇਰਕੋਟਲਾ: ਇੱਥੋਂ ਦੇ ਪਿੰਡ ਹਥਨ ਦੇ ਬਜ਼ੁਰਗ ਦੀ ਪਾਕਿਸਤਾਨ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦਰਅਸਲ ਹੁਸ਼ਿਆਰ ਸਿੰਘ ਸਿੱਖ ਜੱਥੇ ਨਾਲ ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸੀ ਤੇ ਉਸ ਨੂੰ ਗੁਰਦੁਵਾਰਾ ਪੰਜਾ ਸਾਹਿਬ ਵਿਖੇ 13 ਤਰੀਕ ਨੂੰ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਰਾਵਲਪਿੰਡੀ ਦੇ ਹਸਪਤਾਲ ਲਿਜਾਂਦਾ ਗਿਆ ਤੇ ਉਸ ਦੀ ਮੌਤ ਹੋ ਗਈ। ਸ਼ਰਧਾਲੂ ਦੀ ਮ੍ਰਿਤਕ ਦੇਹ ਪਾਕਿਸਤਾਨ ਤੋਂ ਵਤਨ ਪੁੱਜੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮ੍ਰਿਤਕ ਦੇਹ ਨੂੰ ਪਿੰਡ ਭੇਜਣ ਦਾ ਪ੍ਰਬੰਧ ਕੀਤਾ।
ਮ੍ਰਿਤਕ ਹੁਸ਼ਿਆਰ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਹੁਸ਼ਿਆਰ ਸਿੰਘ ਨੇ ਵਿਆਹ ਨਹੀਂ ਕਰਵਾਇਆ ਸੀ ਤੇ ਉਹ ਆਪਣੇ ਭਤੀਜੇ ਨਾਲ ਰਹਿੰਦਾ ਸੀ। ਉੱਧਰ ਇਸ ਮੌਕੇ ਐਸਜੀਪੀਸੀ ਮੈਂਬਰ ਜੈਪਾਲ ਸਿੰਘ ਮੰਡੀਆਂ ਨੇ ਵੀ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਜਾਣਕਾਰੀ ਮਿਲੀ ਸੀ ਕਿ ਹੁਸ਼ਿਆਰ ਸਿੰਘ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਦੇ ਪਰਿਵਾਰ ਤੇ ਐਸਜੀਪੀਸੀ ਮੁਲਾਜ਼ਮ ਬਾਰਡਰ 'ਤੇ ਲਾਸ਼ ਲੈਣ ਲਈ ਗਏ ਸਨ ਤੇ ਸ਼ਰਧਾਲੂ ਦੀ ਮ੍ਰਿਤਕ ਦੇਹ ਭਾਰਤ ਪੁੱਜ ਗਈ ਹੈ।
ਅੱਜ ਪਾਕਿਸਤਾਨ ਤੋਂ ਸਿੱਖ ਸ਼ਰਧਾਲੂ ਦੀ ਮ੍ਰਿਤਕ ਦੇਹ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਪਾਕਿਸਤਾਨ ਤੋਂ ਭਾਰਤ ਭੇਜ ਦਿੱਤਾ ਗਿਆ ਹੈ। ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਗੱਡੀ ਦਾ ਪ੍ਰਬੰਧ ਕਰਕੇ ਪਿੰਡ ਭੇਜਿਆ ਜਾਵੇਗਾ।