ਮਲੇਰਕੋਟਲਾ: ਕੋਰੋਨਾ ਮਹਾਂਮਾਰੀ ਨੂੰ ਲੈ ਕੇ ਹੁਣ ਪ੍ਰਸ਼ਾਸਨ ਸਖ਼ਤ ਨਜ਼ਰ ਆ ਰਿਹਾ ਹੈ। ਮਲੇਰਕੋਟਲਾ 'ਚ ਹੁਣ ਜੇਕਰ ਕੋਈ ਵਿਅਕਤੀ ਮੂੰਹ 'ਤੇ ਬਿਨਾ ਮਾਸਕ ਪਾਏੇ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਉਸ 'ਤੇ ਕਾਰਵਾਈ ਹੋਣੀ ਤੈਅ ਹੈ।
ਮਲੇਰਕੋਟਲਾ ਟ੍ਰੈਫਿਕ ਪੁਲਿਸ ਵੱਲੋਂ ਲੌਕਡਾਊਨ ਦੌਰਾਨ ਬਾਜ਼ਾਰ ਬੰਦ ਕਰਵਾ ਕੇ ਨਾਕਾ ਲਗਾਇਆ ਗਿਆ ਤੇ ਇਸ ਨਾਕੇ ਦੌਰਾਨ ਉਨ੍ਹਾਂ ਵਾਹਨ ਚਾਲਕਾਂ ਨੂੰ ਰੋਕ ਕੇ ਮਾਸਕ ਚੈੱਕ ਕੀਤੇ। ਜਿਹੜੇ ਵਾਹਨ ਚਾਲਕਾਂ ਦੇ ਮੂੰਹ 'ਤੇ ਮਾਸਕ ਨਹੀਂ ਲੱਗੇ ਹੋਏ ਸੀ ਜਾਂ ਜੇਕਰ ਕਿਸੇ ਵਿਅਕਤੀ ਕੋਲ ਮਾਸਕ ਹੁੰਦਾ ਤਾਂ ਉਸ ਨੂੰ ਮੂੰਹ 'ਤੇ ਲਗਾਉਣ ਦੀ ਬੇਨਤੀ ਕੀਤੀ ਜਾਂਦੀ ਸੀ ਅਤੇ ਜੇਕਰ ਕਿਸੇ ਕੋਲ ਨਹੀਂ ਤਾਂ ਟ੍ਰੈਫਿਕ ਪੁਲਿਸ ਉਸ ਨੂੰ ਮਾਸਕ ਉਪਲੱਬਧ ਕਰਵਾ ਦਿੰਦੀ ਸੀ ਤਾਂ ਜੋ ਉਹ ਉਸ ਨੂੰ ਮੂੰਹ 'ਤੇ ਲਗਾ ਸਕਣ।
ਇਸ ਦੇ ਨਾਲ ਹੀ ਕੁੱਝ ਵਿਅਕਤੀ ਜਿਹੜੇ ਮਾਸਕ ਲਗਾਉਣ ਤੋਂ ਡਰਦੇ ਸਨ ਜਾਂ ਪ੍ਰਹੇਜ਼ ਕਰਦੇ ਸਨ ਅਜਿਹੇ ਲੋਕਾਂ 'ਤੇ ਸਖ਼ਤੀ ਕਰਦਿਆਂ ਮਲੇਰਕੋਟਲਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਕਰਨਜੀਤ ਸਿੰਘ ਜੇਜੀ ਵੱਲੋਂ ਮੌਕੇ 'ਤੇ ਹੀ 200 ਰੁਪਏ ਦਾ ਨਕਦ ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਕਿ ਵੀਹ ਦੇ ਕਰੀਬ ਅਜਿਹੇ ਵਿਅਕਤੀਆਂ ਦੇ ਚਲਾਨ ਕੱਟੇ ਗਏ ਹਨ ਜਿਨ੍ਹਾਂ ਦੇ ਮੂੰਹ 'ਤੇ ਮਾਸਕ ਨਹੀਂ ਪਾਏ ਹੋਏ ਸਨ।