ਸੰਗਰੂਰ: ਲਹਿਰਾਗਾਗਾ ਸ਼ਹਿਰ ਵਿਖੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਖਾਲੀ ਪਈਆਂ ਆਸਾਮੀਆਂ ਨੂੰ ਲੈ ਕੇ ਸੋਸ਼ਲ ਵੈਲਫੇਅਰ ਹਸਪਤਾਲ ਸੁਸਾਇਟੀ, ਵੱਖ-ਵੱਖ ਥਾਵਾਂ ਜਥੇਬੰਦੀਆਂ ਅਤੇ ਸ਼ਹਿਰ ਨਿਵਾਸੀਆਂ ਦਾ ਭਾਰੀ ਇਕੱਠ ਹੋਇਆ। ਇਸ ਨੂੰ ਸੰਬੋਧਨ ਕਰਦਿਆਂ ਹਸਪਤਾਲ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਆਗੂ ਗੁਰਲਾਲ ਸਿੰਘ ਸਾਬਕਾ ਪ੍ਰਧਾਨ ਅਤੇ ਨੀਟੂ ਸ਼ਰਮਾ ਨੇ ਦੱਸਿਆ ਕਿ 2011 ਵਿੱਚ ਸਰਕਾਰ ਨੇ ਇਹ 50 ਬਿਸਤਰਿਆਂ ਦਾ ਹਸਪਤਾਲ ਬਣਾਇਆ ਸੀ, ਜਿਸ ਦੀ ਤਰੱਕੀ ਹੋਣ ਦੀ ਬਜਾਏ ਸੀਐਚਸੀ ਸੈਂਟਰ ਬਣ ਚੁੱਕਾ ਹੈ।
ਹਸਪਤਾਲ ਨੂੰ ਡਾਕਟਰਾਂ ਦੀ ਲੋੜ : 12 ਸਾਲਾਂ ਦਰਮਿਆਨ ਇਸ ਹਸਪਤਾਲ ਵਿੱਚ ਪੋਸਟਾਂ ਕਦੇ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ। ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਡਾਕਟਰਾਂ ਦੀਆਂ 7 ਪੋਸਟਾਂ ਵਿਚੋਂ 2 ਪੋਸਟਾਂ ਹੀ ਮੌਜੂਦ ਹਨ। ਇਸ ਤੋਂ ਇਲਾਵਾ 8 ਵਾਰਡ ਬੁਆਏ ਵਿਚੋਂ 4, ਸਟਾਫ ਨਰਸ 7 ਵਿਚੋਂ 1, ਫਰਮਾਸਿਸਟ ਹੈ ਹੀ ਨਹੀਂ। ਕੋਈ ਸਫ਼ਾਈ ਸੇਵਕ ਨਹੀਂ, ਐਕਸ-ਰੇ ਵਾਲਾ ਅਤੇ ਕਲਰਕ ਦੀ ਪੋਸਟ ਵੀ ਖਾਲੀ ਪਈ ਹੈ। ਮੋਰਚਰੀ ਵਿਭਾਗ ਹੈ, ਪਰ ਸਰਕਾਰੀ ਡਾਕਟਰ ਨਹੀਂ ਹੈ। ਨਾ ਹੀ ਦੰਦਾਂ ਦਾ ਡਾਕਟਰ ਮੌਜੂਦ ਹੈ। ਨੀਟੂ ਸ਼ਰਮਾ ਨੇ ਅੱਗੇ ਦੱਸਿਆ ਕਿ 23 ਹਜ਼ਾਰ ਦੀ ਆਬਾਦੀ ਤੋਂ ਇਲਾਵਾ 40 ਪਿੰਡ ਇਸ ਹਸਪਤਾਲ ਉੱਤੇ ਨਿਰਭਰ ਹਨ, ਪਰ ਡਾਕਟਰਾਂ ਦੀ ਘਾਟ ਕਾਰਨ ਖਾਲੀ ਪਿਆ ਹਸਪਤਾਲ ਹੁਣ ਸਿਰਫ ਰੈਫਰ ਹਸਪਤਾਲ ਬਣਿਆ ਹੋਇਆ ਹੈ।
ਜੇਕਰ ਡਾਕਟਰਾਂ ਦੀਆਂ ਖਾਲੀ ਆਸਾਮੀਆਂ ਨਾ ਭਰੀਆਂ, ਤਾਂ ਧਰਨਾ ਦਿੱਤਾ ਜਾਵੇਗਾ: ਡਾਕਟਰਾਂ ਦੀ ਕਮੀ ਕਰਕੇ ਮਰੀਜ਼ਾਂ ਨੂੰ ਮਜਬੂਰਨ ਬਾਹਰੋਂ ਇਲਾਜ ਕਰਵਾਉਂਦੇ ਹੋਏ ਭਾਰੀ ਛਿੱਲ ਉਤਰਾਉਣੀ ਪੈ ਰਹੀ ਹੈ। ਹਾਜ਼ਰ ਲੋਕਾਂ, ਸਥਾਨਕ ਐਮਐਲਏ, ਸਿਹਤ ਮੰਤਰੀ ਅਤੇ ਹੈਲਥ ਵਿਭਾਗ ਤੋਂ ਮੰਗ ਕਰਦਿਆਂ ਡਾਕਟਰਾਂ ਦੀਆਂ ਅਸਾਮੀਆਂ ਭਰਨ ਲਈ ਕਿਹਾ ਹੈ। ਵੱਖ ਵੱਖ ਜਥੇਬੰਦੀਆਂ, ਸਮਾਜ ਸੇਵੀ ਆਗੂਆਂ ਅਤੇ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਜੇਕਰ 30 ਜਨਵਰੀ ਤੱਕ ਹਸਪਤਾਲ ਦਾ ਸਾਰਾ ਸਟਾਫ਼ ਪੂਰਾ ਨਾ ਕੀਤਾ ਗਿਆ, ਤਾਂ ਧਰਨੇ ਮੁਜ਼ਾਹਰੇ ਸ਼ੁਰੂ ਕੀਤੇ ਜਾਣਗੇ। ਉਪਰੋਕਤ ਤੋਂ ਇਲਾਵਾ ਪੂਰਨ ਸਿੰਘ ਖਾਈ, ਮਿੰਦਰ ਸਿੰਘ, ਕਮਲਜੀਤ ਸਿੰਘ ਢੀਂਡਸਾ, ਕਿਸਾਨ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਰਮਾ, ਰਿਟਾਇਰਡ ਐਕਸੀਅਨ ਭੁਪਿੰਦਰ ਪਾਲ ਸ਼ਰਮਾ, ਲੋਕ ਚੇਤਨਾ ਮੰਚ ਦੇ ਜਗਜੀਤ ਭੁਟਾਲ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।
ਕੀ ਕਹਿਣਾ ਹੈ ਹਲਕਾ ਵਿਧਾਇਕ ਦਾ : ਹਲਕਾ ਲਹਿਰਾ ਦੇ ਐਮਐਲਏ ਵਰਿੰਦਰ ਗੋਇਲ ਐਡਵੋਕੇਟ ਨੇ ਗੱਲ ਕਰਨ ਦੱਸਿਆ ਕਿ ਨਵੇਂ ਬਣੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਮਿਲ ਕੇ ਸਾਰੇ ਇਲਾਕੇ ਤੋਂ ਇਲਾਵਾ ਸਪੈਸ਼ਲ ਲਹਿਰਾ ਦੇ ਹਸਪਤਾਲ ਵਿੱਚ ਅਸਾਮੀਆਂ ਤੁਰੰਤ ਭਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਡਾਕਟਰਾਂ ਦੀ ਭਰਤੀ ਨਹੀਂ ਕੀਤੀ ਜਿਸ ਕਾਰਨ ਭਾਰੀ ਘਾਟ ਹੈ। ਹੁਣ ਜਦੋਂ ਨਵੀਂ ਸਰਕਾਰ ਬਣੀ ਹੈ, ਤਾਂ ਪਹਿਲ ਦੇ ਅਧਾਰ ਉੱਤੇ ਇਸ ਹਸਪਤਾਲ ਵਿੱਚ ਅਸਾਮੀਆਂ ਪੂਰੀਆਂ ਕੀਤੀਆਂ ਜਾਣਗੀਆਂ। ਗੋਇਲ ਨੇ ਕਿਹਾ ਕਿ ਸਾਡੀ ਸਰਕਾਰ ਸਿਹਤ ਸੇਵਾਵਾਂ ਪ੍ਰਤੀ ਪੂਰੀ ਤਰ੍ਹਾਂ ਚਿੰਤਤ ਹੈ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਉਪਰਾਲੇ ਲਗਾਤਾਰ ਜਾਰੀ ਹਨ।
ਇਹ ਵੀ ਪੜ੍ਹੋ: ਮੰਤਰੀ ਕੁਲਦੀਪ ਧਾਲੀਵਾਲ ਦਾ ਰਾਜਾ ਵੜਿੰਗ ਉਤੇ ਵੱਡਾ ਬਿਆਨ, ਕਿਹਾ- ਕਾਂਗਰਸੀਆਂ ਨੂੰ ਜਿੰਨੇ ਮਰਜ਼ੀ ਧੱਕੇ ਵੱਜਣ ਫਿਰ ਵੀ...