ਮਲੇਰਕੋਟਲਾ : ਕਦੇ ਹਰ ਮੈਦਾਨ 'ਚੋਂ ਜਿੱਤ ਹਾਸਲ ਕਰਨ ਵਾਲਾ ਸੁਲਤਾਨ ਸੀਹਾਂ ਦੋਦ ਅੱਜ ਚੱਲਣ ਫ਼ਿਰਨ ਤੋਂ ਵੀ ਮੁਹਤਾਜ ਹੈ। ਛੋਟੀ ਉਮਰ 'ਚ ਹੀ 28 ਕਿਲੋ ਭਾਰ ਲਈ ਖੇਡਣ ਵਾਲਾ ਸੁਲਤਾਨ ਆਪਣੇ ਪਿਤਾ ਤੋਂ ਉਤਸ਼ਾਹਿਤ ਹੋ ਕੇ ਦੇਸ਼ਾਂ-ਵਿਦੇਸ਼ਾਂ ਦੀ ਧਰਤੀ 'ਤੇ ਹਮੇਸ਼ਾ ਜਿੱਤ ਹਾਸਲ ਕਰਦਾ ਰਿਹਾ।
ਅੱਜ ਸੁਲਤਾਨ ਲਾਚਾਰ ਆਪਣੇ ਘਰ ਦੀਆਂ ਕੰਧਾਂ 'ਤੇ ਲੱਗੀਆਂ ਪੁਰਾਣੀਆਂ ਤਸਵੀਰਾਂ ਨੂੰ ਦੇਖ ਅਤੇ ਜਿੱਤੇ ਹੋਏ ਇਨਾਮਾਂ ਨੂੰ ਦੇਖ-ਦੇਖ ਉਦਾਸ ਅਤੇ ਭਾਵੁਕ ਹੋ ਜਾਂਦਾ ਹੈ। ਕਿਉਂਕਿ ਸੁਲਤਾਨ ਕਦੇ ਦੁਬਾਰਾ ਕਬੱਡੀ ਦੇ ਗਰਾਊਂਡ ਵਿੱਚ ਇਸ ਲਈ ਨਹੀਂ ਗਿਆ ਕਿਉਂਕਿ ਸੁਲਤਾਨ ਨੂੰ 2018 ਵਿੱਚ ਅਧਰੰਗ ਦੀ ਬਿਮਾਰੀ ਨੇ ਘੇਰ ਲਿਆ ਸੀ। ਜਿਸ ਕਰਕੇ ਹੁਣ ਉਹ ਆਪਣੀ ਮਾਂ ਤੇ ਬਾਪ 'ਤੇ ਹੀ ਨਿਰਭਰ ਹੈ। ਸੁਲਤਾਨ ਦਾ ਵਿਆਹ ਹੋਇਆ ਪਰ ਪਤਨੀ ਵੀ ਉਸਨੂੰ ਛੱਡ ਗਈ।
ਈਟੀਵੀ ਭਾਰਤ ਦੀ ਟੀਮ ਵਲੋਂ ਜਦੋਂ ਸੁਲਤਾਨ ਦੇ ਘਰ ਜਾ ਕੇ ਉਸ ਨਾਲ ਗੱਲਬਾਤ ਕੀਤੀ ਤਾਂ ਉਹ ਕਾਫ਼ੀ ਭਾਵੁਕ ਹੋ ਗਿਆ। ਉਸ ਦੇ ਘਰ ਦੀ ਹਾਲਤ ਵੀ ਕਾਫ਼ੀ ਤਰਸਯੋਗ ਹੈ। ਸੁਲਤਾਨ ਨੇ ਦੱਸਿਆ ਕਿ ਉਸ ਦੀ ਇੱਕ ਭੈਣ ਹੈ ਜਿਸ ਦਾ ਵਿਆਹ ਕਰਨਾ ਹੈ ਅਤੇ ਉਸ ਦਾ ਇੱਕ ਬੇਟਾ ਹੈ ਜਿਸ ਨੂੰ ਉਹ ਕੱਬਡੀ ਦਾ ਇੱਕ ਚੰਗਾ ਖਿਡਾਰੀ ਬਣਾਉਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਮੈਂ ਮੈਦਾਨ ਉੱਤੇ ਜਾ ਕੇ ਦੁਬਾਰਾ ਕਬੱਡੀ ਖੇਡਣੀ ਚਾਹੁੰਦਾ ਹਾਂ ਪਰ ਜਦੋਂ ਮੇਰੇ ਮਾਂ-ਬਾਪ ਮੈਨੂੰ ਚੁੱਕ ਕੇ ਲਿਜਾਂਦੇ ਹਨ ਤਾਂ ਮੈਨੂੰ ਬਹੁਤ ਸ਼ਰਮ ਆਉਂਦੀ ਹੈ।
ਇਸ ਮੌਕੇ ਜਦੋਂ ਸੁਲਤਾਨ ਦੀ ਮਾਂ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਜਦੋਂ ਉਸ ਦਾ ਪੁੱਤਰ ਵਿਦੇਸ਼ਾਂ 'ਚ ਖੇਡ ਕੇ ਜਿੱਤ ਹਾਸਲ ਕਰਦਾ ਸੀ ਤਾਂ ਅਸੀਂ ਟੀਵੀ ਉੱਤੇ ਉਸ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਸਾਂ। ਉਨ੍ਹਾਂ ਕਿਹਾ ਕਿ ਪ੍ਰਮਾਤਮਾ 'ਤੇ ਯਕੀਨ ਹੈ ਅਤੇ ਉਨ੍ਹਾਂ ਦਾ ਬੇਟਾ ਇੱਕ ਦਿਨ ਦੁਬਾਰਾ ਫ਼ਿਰ ਆਪਣੇ ਪੈਰਾਂ 'ਤੇ ਖੜਾ ਹੋਵੇਗਾ।
ਇਹ ਵੀ ਪੜ੍ਹੋ : ਸੋਨਪਰੀ ਦਾ ਭਾਰਤ ਦੀ ਝੋਲੀ 'ਚ 5ਵਾਂ ਸੋਨ ਤਮਗ਼ਾ
ਸੁਲਤਾਨ ਦੇ ਪਿਤਾ ਨੇ ਵੀ ਕਿਹਾ ਕਿ ਉਹ ਵੀ ਇੱਕ ਕਬੱਡੀ ਦਾ ਖਿਡਾਰੀ ਸੀ ਪਰ ਕਿਸੇ ਬਿਮਾਰੀ ਕਰ ਕੇ ਖੇਡਣਾ ਬੰਦ ਕਰ ਦਿਤਾ ਸੀ ਪਰ ਹੁਣ ਉਸ ਦੇ ਬੇਟੇ ਨੂੰ ਵੀ ਇੱਕ ਬਿਮਾਰੀ ਨੇ ਘੇਰ ਲਿਆ ਜਿਸ ਕਰਕੇ ਘਰ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ ਕਿਉਂਕਿ ਸੁਲਤਾਨ ਦੇ ਇਲਾਜ਼ ਉੱਤੇ ਕਾਫ਼ੀ ਖ਼ਰਚ ਹੋ ਰਿਹਾ ਹੈ।
ਸਮੇਂ ਦੀਆਂ ਸਰਕਾਰਾਂ ਨੂੰ ਜ਼ਰੂਰਤ ਹੈ ਕਿ ਅਜਿਹੇ ਕੌਮਾਂਤਰੀ ਖਿਡਾਰੀਆਂ ਦੀ ਬਾਂਹ ਫੜੇ ਤਾਂ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਹੋ ਸਕੇ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਣ।