ਸੰਗਰੂਰ: ਪੰਜਾਬ-ਹਰਿਆਣਾ ਦੀ ਸਰਹੱਦ ਉਤੇ ਵਸਿਆ ਪਿੰਡ ਗੁਲਾੜੀ ਜਿਲ੍ਹਾ ਸੰਗਰੂਰ ਦਾ ਆਖਰੀ ਪਿੰਡ ਹੈ। ਇਸ ਪਿੰਡ ਦੇ ਹਰ ਘਰ ਦਾ ਕੋਈ ਨਾ ਕੋਈ ਮੈਂਬਰ ਸਰਕਾਰੀ ਨੌਕਰੀ ਕਰ ਰਿਹਾ ਹੈ। ਦਿਲਚਸਪ ਗੱਲ ਇਹ ਕਿ ਆਪਣੀਆਂ ਰਿਵਾਇਤਾਂ ਨਾਲ ਜਿਊਣ ਵਾਲੇ ਇਸ ਪਿੰਡ ਵਿੱਚ ਘੁੰਡ ਕੱਢਣ ਵਾਲੀਆਂ ਔਰਤਾਂ ਨੂੰ ਵੀ ਨੌਕਰੀ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।Guladi situated on Punjab Haryana border.
ਲਗਪਗ ਹਰ ਘਰ ਵਿੱਚ ਸਰਕਾਰੀ ਮੁਲਾਜ਼ਮ!: ਪਿੰਡ ਗੁਲਾੜੀ ਸੰਗਰੂਰ ਤੋਂ 67 ਕਿਲੋਮੀਟਰ ਦੂਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ। ਪਿੰਡ ਦੀ ਕੁੱਲ ਬਾਲਗ ਵਸੋਂ 2507 ਹੈ। ਇਸ ਪਿੰਡ ਦੇ ਵਾਸੀ ਤਰਸੇਮ ਸਿੰਘ ਜੋ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ 250 ਦੇ ਕਰੀਬ ਸਰਕਾਰੀ ਮੁਲਾਜ਼ਮ ਹਨ ਜਿਨ੍ਹਾਂ ਵਿਚੋਂ 115 ਅਧਿਆਪਕ ਹਨ। 70 ਫੌਜ ਵਿੱਚ ਭਰਤੀ ਹਨ। ਇਸ ਤੋਂ ਇਲਾਵਾ 22 ਪੁਲਿਸ, 14 ਸਿਹਤ ਵਿਭਾਗ 'ਤੇ ਹੋਰ ਸਰਕਾਰੀ ਵਿਭਾਗਾਂ ਵਿਚ ਨੌਕਰੀ ਕਰਦੇ ਹਨ।
ਗ੍ਰਾਮ ਸੁਧਾਰ ਸੰਮਤੀ ਹੈ ਪਿੰਡ ਦੇ ਲੋਕਾਂ ਦੀ ਕਾਮਯਾਬੀ ਦਾ ਰਾਜ: ਪਿੰਡ ਦੇ ਲੋਕਾਂ ਦੇ ਵੱਡੀ ਗਿਣਤੀ ਵਿਚ ਸਰਕਾਰੀ ਨੌਕਰੀਆਂ ਉੱਪਰ ਹੋਣ ਦੇ ਪਿੱਛੇ ਦਾ ਕਾਰਨ ਉਹ ਪਿੰਡ ਲੋਕਾਂ ਵੱਲੋਂ ਸਿੱਖਿਆ ਉਪਰ ਜ਼ੋਰ ਦੇਣ ਨੂੰ ਮੰਨਦੇ ਹਨ। ਪਿੰਡ ਵਿੱਚ ਸਰਕਾਰੀ ਮੁਲਾਜਮਾਂ ਵੱਲੋਂ ਇੱਕ ‘ਗ੍ਰਾਮ ਸੁਧਾਰ ਸੰਮਤੀ’, ਨਾ ਦੀ ਸੰਸਥਾ ਬਣਾਈ ਗਈ ਹੈ। ਜਿਸ ਵਿਚ ਪਿੰਡ ਦੇ ਹਰ ਰਿਟਾਇਰਡ ਤੇ ਦੂਰ ਦੁਰਾਡੇ ਨੌਕਰੀ ਕਰਦੇ ਸਰਕਾਰੀ ਮੁਲਾਜ਼ਮ ਮੈਂਬਰ ਹਨ। ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਪਿੰਡ ਦੀ ਸੰਮਤੀ ਵੱਲੋਂ ਬੱਚਿਆਂ ਦੇ ਪੜ੍ਹਨ ਲਈ ਇੱਕ ਸਮਾਰਟ ਲਾਇਬ੍ਰੇਰੀ ਬਣਾਈ ਗਈ ਹੈ। ਇਸ ਸੰਮਤੀ ਦਾ ਅਹਿਮ ਕੰਮ ਹੈ ਨੌਜਵਾਨਾਂ ਲਈ ਸਰਕਾਰੀ ਭਰਤੀ ਲਈ ਹੋਣ ਵਾਲੇ ਇਮਤਿਹਾਨਾਂ ਦੀ ਤਿਆਰੀ ਕਰਵਾਉਣਾ। ਜਦੋਂ ਵੀ ਕਿਸੇ ਸਰਕਾਰੀ ਵਿਭਾਗ ਦੀ ਭਰਤੀ ਨਿਕਲਦੀ ਹੈ ਤਾਂ ਪੰਜਾਬ ਦੀਆਂ ਅਕੈਡਮੀਆਂ ਦੇ ਮਾਹਰ ਕੋਚ ਪਿੰਡ ਵਿੱਚ ਬੁਲਾਏ ਜਾਂਦੇ ਹਨ ਤਾਂ ਜੋ ਬੱਚਿਆਂ ਨੂੰ ਪਿੰਡ ਰਹਿ ਕੇ ਹੀ ਤਿਆਰੀ ਕਰਵਾ ਸਕਣ। ਸੂਰਜ ਭਾਨ ਜੋ ਇਸ ਸੰਮਤੀ ਦੇ ਪ੍ਰਧਾਨ ਹਨ ਖ਼ੁਦ ਵੀ ਈਟੀਟੀ ਅਧਿਆਪਕ ਹਨ। ਉਹ ਰੋਜ਼ ਸਕੂਲ ਵਿੱਚ ਹੀ ਬੱਚਿਆਂ ਨੂੰ ਮੁਫ਼ਤ ਯੋਗਾ ਕਰਵਾਉਂਦੇ ਹਨ ਤਾਂ ਜੋ ਉਨ੍ਹਾਂ ਦੀ ਇਕਾਗਰਤਾ ਬਣਾਈ ਜਾ ਸਕੇ।
ਲਾਇਬ੍ਰੇਰੀ ਦਾ ਵਿਦਿਆਰਥੀਆਂ ਉਤੇ ਖਾਸ ਅਸਰ : ਪਿੰਡ ਵਿਚ ਬਣੀ ਲਾਇਬ੍ਰੇਰੀ ਤੁਹਾਨੂੰ ਪਹਿਲੀ ਵਾਰ ਦੇਖਣ ਤੇ ਇਕ ਸੁਵਿਧਾ ਕੇਂਦਰ ਦਾ ਭੁਲੇਖਾ ਪਾਉਂਦੀ ਹੈ ਪਰ ਜਦੋਂ ਤੁਸੀ ਅੰਦਰ ਦੇਖਦੇ ਹੋ ਕਿ ਦੁਪਹਿਰ ਵੇਲੇ 10 ਦੇ ਕਰੀਬ ਕੁੜੀਆਂ ਪੜ੍ਹ ਰਹੀਆਂ ਹਨ ਤਾਂ ਸਮਝ ਆਉਂਦੀ ਹੈ ਕਿ ਇਹ ਇੱਕ ਲਾਇਬ੍ਰੇਰੀ ਹੈ। ਬੁਨਿਆਦੀ ਸਹੂਲਤਾਂ ਤੋਂ ਪੱਛੜੇ ਇਸ ਪਿੰਡ ਦੇ ਲੋਕ ਪੜ੍ਹਾਈ ਪ੍ਰਤੀ ਬਹੁਤ ਸੰਜੀਦਾ ਹਨ। ਦੁਪਹਿਰ ਦੇ 1 ਵਜੇ ਲਾਇਬ੍ਰੇਰੀ ਵਿੱਚ ਪੜ੍ਹ ਰਹੀ ਸਾਨੀਆ ਹਰਿਆਣਾ ਦੀ ਇੱਕ ਯੂਨੀਵਰਸਿਟੀ ਵਿਚ ਬੀ.ਏ ਫਾਈਨਲ ਦੀ ਵਿਦਿਆਰਥਣ ਹੈ। ਸਾਨੀਆ ਸਿਵਲ ਸਰਵਿਸ ਦੀ ਤਿਆਰੀ ਕਰ ਰਹੀ ਹੈ। ਉਸਦਾ ਸੁਫ਼ਨਾ ਆਈਏਐੱਸ ਅਧਿਕਾਰੀ ਬਣਨਾ ਹੈ। ਸਾਨੀਆਂ ਇਸ ਲਾਈਬਰ੍ਰੇਰੀ ਨੂੰ ਪਿੰਡ ਦੀਆਂ ਕੁੜੀਆਂ ਲਈ ਇੱਕ ਵੱਡਾ ਸਹਾਰਾ ਮੰਨਦੀ ਹੈ। ਉਹ ਦੱਸਦੀ ਹੈ ਕਿ ਇਥੇ ਹਰ ਤਰ੍ਹਾਂ ਦੀ ਲੋੜੀਂਦੀ ਕਿਤਾਬ ਮਿਲ ਜਾਂਦੀ ਹੈ ਖ਼ਾਸਕਰ ਮਹਿੰਗੀਆਂ ਕਿਤਾਬਾਂ। ਜੇ ਮਾਪੇ ਕੁੜੀਆਂ ਜਾਂ ਮੁੰਡਿਆਂ ਨੂੰ ਵੀ ਮਹਿੰਗੀਆਂ ਕਿਤਾਬਾਂ ਲੈ ਕੇ ਦੇਣ ਵਿੱਚ ਸਮਰੱਥ ਨਾ ਹੋਣ ਤਾਂ ਇਸ ਲਾਇਬਰ੍ਰੇਰੀ ਦਾ ਸਹਾਰਾ ਲਿਆ ਜਾ ਸਕਦਾ ਹੈ।
ਪਿੰਡ ਦੀ ਇੱਕ ਔਰਤ ਬਣੀ ਸਭ ਲਈ ਪ੍ਰੇਰਨਾ: ”ਈਟੀਟੀ ਅਧਿਆਪਕਾ ਪ੍ਰਮੇਸਰੀ ਰਾਣੀ ਨੇ ਦੱਸਿਆ ਕਿ ਉਹ ਪਿੰਡ ਗੁਲਾੜੀ ਵਿਆਹ ਕੇ ਆਈ ਤਾਂ ਉਹ ਪਿੰਡ ਦੀ ਪਹਿਲੀ 12ਵੀਂ ਪਾਸ ਔਰਤ ਸੀ। ਉਨ੍ਹਾਂ ਦੇ ਪਤੀ ਰਣਬੀਰ ਸਿੰਘ ਸੰਸਕ੍ਰਿਤ ਦੇ ਅਧਿਆਪਕ ਹਨ। ਆਪਣੇ ਪਤੀ ਦੇ ਸਾਥ ਬਾਰੇ ਦੱਸਦਿਆਂ ਉਹ ਕਹਿੰਦੇ ਹਨ, “ਮੇਰਾ ਈਟੀਟੀ ਵਿੱਚ ਦਾਖਲਾ ਮੇਰੇ ਪਤੀ ਨੇ ਕਰਵਾਇਆ ਉਨ੍ਹਾਂ ਨੇ ਘਰ ਵਿਚ ਹੀ ਮੈਨੂੰ ਟੈਸਟਾਂ ਦੀ ਤਿਆਰੀ ਕਰਵਾਈ। ”ਵਿਆਹ ਤੋਂ 12 ਸਾਲ ਬਾਅਦ ਉਹ ਅਧਿਆਪਕਾ ਬਣੇ ਅਤੇ ਉਸ ਤੋਂ ਬਾਅਦ ਪਿੰਡ ਦੀਆਂ ਹੋਰ ਵਿਆਹੁਤਾ ਔਰਤਾਂ ਨੂੰ ਵੀ ਪ੍ਰੇਰਣਾ ਮਿਲੀ। ਹੁਣ ਪਿੰਡ ਵਿੱਚ 25 ਦੇ ਕਰੀਬ ਔਰਤਾਂ ਸਰਕਾਰੀ ਨੌਕਰੀ ਕਰਦੀਆਂ ਹਨ।
ਕੁੜੀਆਂ ਨਾਲ ਪਿੰਡ ਵਿੱਚ ਕੋਈ ਵਿਤਕਰਾ ਨਹੀ: ਪ੍ਰਮੇਸਰੀ ਰਾਣੀ ਦੱਸਦੇ ਹਨ ਕਿ ਪਿੰਡ ਵਿੱਚ ਹੁਣ ਮਾਂ ਬਾਪ ਮੁੰਡੇ-ਕੁੜੀਆਂ ਨੂੰ ਬਰਾਬਰ ਸਮਝਦੇ ਹਨ। ਪਹਿਲਾਂ ਕੁੜੀਆਂ ਨੂੰ ਪੜ੍ਹਨ ਲਈ ਬਾਹਰ ਭੇਜਣ ਤੋਂ ਡਰਦੇ ਸਨ ਪਰ ਹੁਣ ਇਹ ਰਵੱਈਆ ਬਦਲ ਗਿਆ ਹੈ। ਈਟੀਟੀ ਅਧਿਆਪਕ ਨਰੇਸ਼ ਕੁਮਾਰ ਕਹਿੰਦੇ ਹਨ, “ਮੈਂ 15 ਸਾਲ ਭੱਠਾ ਮਜ਼ਦੂਰੀ ਕੀਤੀ ਤੇ ਚਾਚੇ ਦੇ ਮੁੰਡੇ ਨੂੰ ਸਰਕਾਰੀ ਨੌਕਰੀ ਕਰਦਾ ਦੇਖ ਪੜ੍ਹਨਾ ਨਾ ਛੱਡਿਆ। ”ਉਹ 2016 ਵਿੱਚ ਈਟੀਟੀ, ਅਧਿਆਪਕ ਵਜੋਂ ਭਰਤੀ ਹੋ ਗਏ। ਨਰੇਸ਼ ਦਲਿਤ ਭਾਈਚਾਰੇ ਨਾਲ ਸਬੰਧਿਤ ਹੈ ਤੇ ਉਹ ਤਿੰਨ ਭਰਾ ਹਨ ਉਨ੍ਹਾਂ ਦਾ ਛੋਟਾ ਭਰਾ ਵੀ ਈਟੀਟੀ, ਟੈਟ ਪਾਸ ਕਰ ਚੁੱਕਾ ਹੈ।
ਸਰਕਾਰੀ ਸਹੂਲਤਾਂ ਦੀ ਕਮੀ: ਪਿੰਡ ਵਾਲੇ ਦੱਸਦੇ ਹਨ ਕਿ ਉਥੇ ਹਾਲੇ ਤੱਕ ਦਿਨ ਵਿੱਚ ਇੱਕ ਹੀ ਬੱਸ ਆਉਂਦੀ ਹੈ ਤੇ ਆਵਾਜਾਈ ਲਈ ਸਹੂਲਤਾਂ ਦੀ ਘਾਟ ਹੈ। ਨਰੇਸ਼ ਦੱਸਦੇ ਹਨ, “ਇਸ ਪਿੰਡ ਦੀ ਇੱਕ ਕੁੜੀ ਆਰਮੀ ਵਿੱਚ ਕਰਨਲ ਹੈ ਸਰਕਾਰ ਨੇ ਕੋਈ ਬਹੁਤੀਆਂ ਸਹੂਲਤਾਂ ਨਹੀਂ ਦਿੱਤੀਆਂ। ਜੋ ਵੀ ਕੋਈ ਕੁਝ ਬਣਿਆ ਹੈ ਉਹ ਆਪਣੀ ਮਿਹਨਤ ਅਤੇ ਪਿੰਡ ਦੇ ਸਹਿਯੋਗ ਨਾਲ ਹੀ ਬਣਿਆ ਹੈ।
” ਹਰਿਆਣਾ ਦੇ ਸਰਕਾਰੀ ਸਕੂਲ ਵਿਚ ਸੰਸਕ੍ਰਿਤ ਦੇ ਅਧਿਆਪਕ ਬਲਵਾਨ, ਮਾਣ ਨਾਲ ਦੱਸਦੇ ਹਨ, “ਕੈਥਲ ਦੀ ਸਰਕਾਰੀ ਸੰਸਥਾ ਡਾਈਟ (ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ) ਵਿੱਚ ਤਿੰਨ ਸੂਬਿਆਂ ਦੇ ਬੱਚਿਆ ਲਈ 40 ਸੀਟਾਂ ਸਨ। ਸਾਡੇ ਪਿੰਡ ਦੇ ਬੱਚਿਆਂ ਨੇ ਇੰਨਾਂ ਚੰਗਾ ਪ੍ਰਦਰਸ਼ਨ ਕੀਤਾ ਕਿ 40 ਸੀਟਾਂ ਉਨ੍ਹਾਂ ਹਿੱਸੇ ਆ ਗਈਆਂ।”
“ਸਾਡੇ ਪਿੰਡ ਦੇ 500 ਬੱਚਿਆਂ ਨੇ ਜੇਬੀਟੀ ਕੀਤੀ ਹੋਈ ਹੈ ਜਿਨ੍ਹਾਂ ਵਿੱਚੋ 87 ਬੱਚਿਆਂ ਨੇ ਪੰਜਾਬ ਟੈਟ ਪਾਸ ਕੀਤਾ ਹੈ। ਹੁਣ ਇਹ ਪੜੇ ਲਿਖੇ ਮੁੰਡੇ ਕੁੜੀਆਂ ਪਿੰਡ ਦੇ ਹੋਰ ਬੱਚਿਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਦੀ ਕੋਚਿੰਗ ਦਿੰਦੇ ਹਨ।”
ਦੀਪਤੀ ਰੈਡੂ ਨੈਨ ਤੇ ਉਨ੍ਹਾਂ ਦੇ ਪਤੀ ਦੋਵੇਂ ਸਰਕਾਰੀ ਅਧਿਆਪਕ ਹਨ। ਦੀਪਤੀ ਪੰਜਾਬ ਸਿੱਖਿਆ ਵਿਭਾਗ ਵਿੱਚ ਹਨ ਤੇ ਉਨ੍ਹਾਂ ਦੇ ਪਤੀ ਹਰਿਆਣਾ ਦੇ ਸਰਕਾਰੀ ਸਕੂਲ ਵਿੱਚ ਪੜਾਉਂਦੇ ਹਨ। ਦੀਪਤੀ ਕਹਿੰਦੇ ਹਨ, “ਜਦੋਂ ਪਿੰਡ ਦੇ ਪ੍ਰੋਗਰਾਮ ’ਤੇ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਹਨ ਤਾਂ ਬੱਚੇ ਡੀ.ਸੀ ਜਾਂ ਏ.ਡੀ.ਸੀ ਦਾ ਨਾਮ ਸੁਣ ਕੇ ਉਤਸ਼ਾਹਤ ਹੁੰਦੇ ਹਨ ਤੇ ਉਨ੍ਹਾਂ ਨੂੰ ਲਗਦਾ ਹੈ ਮੈਂ ਵੀ ਇਹ ਨੌਕਰੀ ਕਰ ਸਕਦਾ ਹਾਂ।”
“ਜਦੋਂ ਪਿੰਡ ਦੇ ਇੱਕ ਬੱਚੇ ਦੇ ਸੁਫ਼ਨੇ ਪੂਰੇ ਹੁੰਦੇ ਹਨ ਤਾਂ ਦੂਜੇ ਬੱਚੇ ਵੀ ਸੁਫ਼ਨੇ ਦੇਖਣ ਲੱਗਦੇ ਹਨ ਤੇ ਸਾਕਾਰ ਕਰਨ ਲਈ ਮਿਹਨਤ ਕਰਨ ਲਈ ਪ੍ਰੇਰਿਤ ਹੁੰਦੇ ਹਨ।”
ਇਹ ਵੀ ਪੜ੍ਹੋ:- ਸਮਾਜ ਲਈ ਨਵੀਂ ਸੇਧ: ਧੀ ਜੰਮਣ ਤੇ ਪਰਿਵਾਰ ਨੇ ਮਨਾਈ ਖੁਸ਼ੀ, ਫੁੱਲਾਂ ਦੀ ਵਰਖਾ ਕਰ ਕੀਤਾ ਧੀ ਦਾ ਸੁਆਗਤ