ਸੰਗਰੂਰ: ਖਿਡਾਰੀਆਂ ਨੂੰ ਆਪਣਾ ਸਰੀਰ ਤੋੜ ਕੇ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ। ਕਈ ਖਿਡਾਰੀ ਅਜਿਹੇ ਵੀ ਹਨ, ਜਿਹੜੇ ਗਰੀਬੀ ਵਿੱਚੋਂ ਉੱਠ ਕੇ ਸਾਹਮਣੇ ਆਉਂਦੇ ਹਨ। ਸੰਗਰੂਰ ਦੀ ਰਹਿਣ ਵਾਲੀ ਬਲਜੀਤ ਕੌਰ ਜੋ ਕਿ ਸਾਇਕਲਿੰਗ ਦੇ ਵਿੱਚ ਸੂਬਾ ਪੱਧਰ ਉੱਤੇ ਕਈ ਸੋਨ ਤਮਗ਼ੇ ਜਿੱਤ ਚੁੱਕੀ ਹੈ, ਪਰ ਹਾਲਾਤ ਅਜਿਹੇ ਬਣ ਗਏ ਹਨ ਕਿ ਉਹ ਗੇਮ ਛੱਡਣ ਨੂੰ ਮਜਬੂਰ ਹੈ।
ਸੋਨ ਤਮਗ਼ਾ ਜੇਤੂ ਸਾਇਕਲਿਸਟ ਬਲਜੀਤ ਕੌਰ
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਂ ਨੇ ਹੀ ਉਸ ਨੂੰ ਇਸ ਕਾਬਲ ਬਣਾਇਆ ਹੈ। ਉਸ ਨੇ ਦੱਸਿਆ ਕਿ ਉਹ ਹੁਣ ਤੱਕ ਕਈ ਤਮਗ਼ੇ ਆਪਣੇ ਨਾਂਅ ਕਰ ਚੁੱਕੀ ਹੈ ਅਤੇ ਉਨ੍ਹਾਂ ਹੀ ਤਮਗ਼ਿਆਂ ਵਿੱਚ ਸੋਨ ਤਮਗ਼ਾ ਵੀ ਸ਼ਾਮਲ ਹੈ।
ਉਸ ਨੇ ਦੱਸਿਆ ਕਿ ਜਦੋਂ ਉਸ ਦੇ ਸਾਇਕਲ ਦੀ ਹਾਲਤ ਖ਼ਰਾਬ ਸੀ ਤਾਂ ਵੀ ਉਸ ਨੇ ਸੋਨ ਤਮਗ਼ਾ ਜਿੱਤਿਆ ਸੀ।
ਸ਼ਹਿਰ ਦੇ ਪੁੱਲ ਉੱਤੇ ਉੱਕਰੀ ਹੈ ਤਸਵੀਰ
ਸਾਇਕਲਿੰਗ ਦੇ ਵਿੱਚ ਸੋਨ ਤਮਗ਼ਾ ਅਤੇ ਹੋਰ ਤਮਗ਼ੇ ਜਿੱਤਣ ਵਾਲੀ ਇਸ ਲੜਕੀ ਨੇ ਬਹੁਤ ਹੀ ਨਾਮਣਾ ਖੱਟਿਆ ਹੈ ਅਤੇ ਜ਼ਿਲ੍ਹੇ ਦੇ ਨਾਲ-ਨਾਲ ਸੂਬੇ ਦਾ ਵੀ ਮਾਣ ਵਧਾਇਆ ਹੈ। ਉਸ ਨੇ ਦੱਸਿਆ ਕਿ ਸ਼ਹਿਰ ਦੇ ਪੁੱਲ ਉੱਤੇ ਉਸ ਦੇ ਨਾਂਅ ਦੇ ਨਾਲ ਉਸ ਦੀ ਤਸਵੀਰ ਦੀ ਪੇਂਟਿੰਗ ਕੀਤੀ ਗਈ ਹੈ।
ਹਾਲੇ ਵੀ ਨਹੀਂ ਬਹੁੜਿਆ ਕੋਈ ਪ੍ਰਸ਼ਾਸਨ
ਬਲਜੀਤ ਕੌਰ ਨੇ ਦੱਸਿਆ ਕਿ ਉਸ ਦੀ ਮਾਂ ਹੀ ਉਸ ਦਾ ਸਾਰਾ ਖ਼ਰਚ ਚੁੱਕਦੀ ਹੈ ਅਤੇ ਉਸ ਦੀ ਮਾਂ ਨੇ ਉਸ ਨੂੰ ਕਾਬਲ ਬਣਾਇਆ ਹੈ। ਬਲਜੀਤ ਕੌਰ ਦਾ ਕਹਿਣਾ ਹੈ ਕਿ ਉਸ ਨੇ ਮਾਲੀ ਮਦਦ ਦੇ ਲਈ ਕੈਬਿਨੇਟ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਵੀ ਗੁਹਾਰ ਲਾਈ ਹੈ, ਪਰ ਹਾਲੇ ਤੱਕ ਕੋਈ ਵੀ ਉਨ੍ਹਾਂ ਦੀ ਮਦਦ ਲਈ ਨਹੀਂ ਬਹੁੜਿਆ।
5 ਹਜ਼ਾਰ ਮਹੀਨਾ ਤਨਖ਼ਾਹ ਹੈ ਮਾਂ ਦੀ
ਬਲਜੀਤ ਕੌਰ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਘਰਵਾਲੇ ਦੀ 2016 ਦੇ ਵਿੱਚ ਮੌਤ ਹੋ ਗਈ ਸੀ। ਉਸ ਤੋਂ ਬਾਅਦ ਹੀ ਉਹੀ ਘਰ ਵਿੱਚ ਕਮਾਉਣ ਵਾਲੀ ਹੈ। ਉਸ ਨੇ ਹੀ ਘਰ ਦਾ ਸਾਰਾ ਖ਼ਰਚ ਚੁੱਕਣਾ ਹੁੰਦਾ ਹੈ, ਪਰ 5 ਹਜ਼ਾਰ ਮਹੀਨਾ ਤਨਖ਼ਾਹ ਦੇ ਵਿੱਚ ਅੱਜ ਦੇ ਮਹਿੰਗਾਈ ਵਾਲੇ ਸਮੇਂ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਹੈ।
ਲੜਕੀ ਨੂੰ ਬਣਾਇਆ ਮਿਸਾਲ
ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਆਂਢ-ਗੁਆਂਢ ਦੇ ਲੋਕ ਤਾਂ ਕਹਿੰਦੇ ਹਨ ਕਿ ਬਲਜੀਤ ਦਾ ਵਿਆਹ ਕਰ ਦਿਓ, ਪਰ ਮੇਰੀ ਉਸ ਦੀ ਲੜਕੀ ਕੁੱਝ ਬਣਨਾ ਚਾਹੁੰਦੀ ਹੈ, ਇਸ ਲਈ ਉਹ ਜਦੋਂ ਤੱਕ, ਜਿਥੋਂ ਤੱਕ ਉਸ ਦੀ ਬੇਟੀ ਨੂੰ ਲੋੜ ਹੈ ਉਸ ਦੀ ਮਦਦ ਕਰੇਗੀ ਅਤੇ ਉਸ ਨੂੰ ਚਮਕਦਾ ਸਿਤਾਰਾ ਬਣਾਏਗੀ।