ਸੰਗਰੂਰ: ਪਿੰਡ ਸਰਦੂਲਗੜ੍ਹ 'ਚੋਂ ਗੁਜ਼ਰਦੇ ਹੋਏ ਘੱਗਰ ਦਰਿਆ ਵਿੱਚ ਪਾੜ ਨੂੰ ਹਾਲੇ ਤੱਕ ਬੰਦ ਨਹੀਂ ਕੀਤਾ ਗਿਆ ਜਿਸ ਕਰਕੇ ਨੇੜਲੇ ਪਿੰਡਾਂ ਤੇ ਕਿਸਾਨਾਂ ਦੇ ਮਨਾਂ ਦੇ ਵਿੱਚ ਸਹਿਮ ਬਣਿਆ ਹੋਇਆ ਹੈ। ਉਨ੍ਹਾਂ ਦੇ ਮਨਾਂ ਵਿੱਚ ਡਰ ਬਣਿਆ ਹੋਇਆ ਹੈ ਕਿ ਕਿਤੇ ਰਾਤ ਵੇਲੇ ਘੱਗਰ ਟੁੱਟਣ ਕਾਰਣ ਉਨ੍ਹਾਂ ਦੇ ਘਰ ਤੇ ਫ਼ਸਲਾਂ ਬਰਬਾਦ ਨਾ ਹੋ ਜਾਣ।
ਦੱਸਿਆ ਜਾ ਰਿਹਾ ਹੈ ਕਿ ਇਸ ਵੇਲੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ 'ਤੇ ਚੱਲ ਰਿਹਾ ਹੈ ਤੇ ਕਈ ਥਾਂ 'ਤੇ ਘੱਗਰ ਦੇ ਕਿਨਾਰਿਆਂ ਵਿਚ ਦਰਾਰਾਂ ਆ ਚੁੱਕੀਆਂ ਹਨ ਜਿਸ ਨੂੰ ਭਰਨ ਲਈ ਮਜ਼ਦੂਰ ਲੱਗੇ ਹੋਏ ਹਨ। ਹਾਲਾਂਕਿ ਜਲ ਸਰੋਤ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੇ ਸਰਦੂਲਗੜ੍ਹ ਵਿਖੇ ਘੱਗਰ ਦਰਿਆ ਦਾ ਦੌਰਾ ਕਰਨ ਲਈ ਪਹੁੰਚਣਾ ਸੀ ਪਰ ਅਚਾਨਕ ਉਨ੍ਹਾਂ ਦਾ ਦੌਰਾ ਰੱਦ ਹੋ ਗਿਆ।
ਉੱਧਰ ਪਿੰਡ ਭੱਲਣਵਾੜਾ ਵਿੱਚ ਘੱਗਰ ਦੇ ਕਿਨਾਰੇ ਵਿੱਚ ਦਰਾਰਾਂ ਪੈਣ ਕਾਰਨ ਪਿੰਡ ਵਾਸੀ ਤੇ ਵਿਭਾਗ ਵੱਲੋਂ ਲਾਏ ਮਜ਼ਦੂਰ ਬੋਰੀਆਂ ਲਾ ਕੇ ਦਰਾਰਾਂ ਨੂੰ ਭਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਧਿਕਾਰੀ ਆਉਂਦੇ ਹਨ ਤੇ ਬੋਰੀਆਂ ਨਾਲ ਦਰਾਰਾਂ ਭਰਨ ਲਈ ਕਹਿ ਕੇ ਚਲੇ ਜਾਂਦੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੁੰਦੀਆਂ ਹਨ ਜਾਂ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦਾਅਵੇ ਸਹੀ ਸਾਬਿਤ ਹੁੰਦੇ ਹਨ?