ਸੰਗਰੂਰ: ਸ਼ਹਿਰ ਵਿੱਚ ਕਿਸਾਨਾਂ ਦੇ ਵਿਸ਼ਾਲ ਇਕੱਠ ਨੇ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਦਿਆਂ ਆਪਣੀ ਮੁੱਖ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਖ਼ਿਲਾਫ਼ ਜਮ ਕੇ ਭੜਾਸ ਕੱਢੀ।
ਕੀ ਹੈ ਮਾਮਲਾ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਲਈ ਅਪੀਲ ਕੀਤੀ ਗਈ ਸੀ, ਪਰ ਕਿਸਾਨਾਂ ਨੇ ਆਪਣੀ ਮਜਬੂਰੀ ਦੱਸ ਕੇ ਝੋਨੇ ਦੀ ਪਰਾਲੀ ਨੂੰ ਸਾੜਿਆ। ਇਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਗਏ। ਉਨ੍ਹਾਂ ਦੀ ਗਿਰਦਾਵਰੀਆਂ 'ਤੇ ਲਾਲ ਲਕੀਰ ਫੇਰੀ ਗਈ ਤੇ ਭਾਰੀ ਜੁਰਮਾਨੇ ਵੀ ਕੀਤੇ ਗਏ। ਹੁਣ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੰਜਾਬ ਭਰ ਵਿੱਚ ਜਿਨ੍ਹਾਂ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਰੱਦ ਕਰਵਾਉਣ ਲਈ ਤਿੰਨ ਦਿਨਾਂ ਤੋਂ ਦਿਨ ਰਾਤ ਦਾ ਧਰਨੇ ਦਿੱਤੇ ਜਾ ਰਹੇ ਹਨ।
ਕਿਸਾਨਾਂ ਦੀ ਸਰਕਾਰ ਨੂੰ ਚੇਤਾਵਨੀ
ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਉੱਤੇ ਦਰਜ ਕੀਤੇ ਗਏ ਪਰਚੇ ਤੇ ਮਾਮਲਿਆਂ ਨੂੰ ਛੇਤੀ ਤੋਂ ਛਤੀ ਰੱਦ ਕੀਤਾ ਜਾਵੇ। ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਤੇ ਜ਼ਬਤ ਕੀਤੀਆਂ ਮਸ਼ੀਨਾਂ ਉਨ੍ਹਾਂ ਨੂੰ ਸੌਂਪੀਆਂ ਜਾਣ। ਜੇਕਰ ਪ੍ਰਸ਼ਾਸਨ ਉਨ੍ਹਾਂ ਦੀ ਇਹ ਮੰਗ ਨੂੰ ਛੇਤੀ ਤੋਂ ਛੇਤੀ ਪੂਰਾ ਨਹੀਂ ਕਰਦਾ ਤਾਂ ਉਹ ਆਪਣੇ ਵੱਡੇ ਕਾਫ਼ਲੇ ਨਾਲ ਰੋਸ ਪ੍ਰਦਰਸ਼ਨ ਕਰਨਗੇ ਤੇ ਹੋਰ ਵੱਡੇ ਫ਼ੈਸਲੇ ਲੈਣਗੇ।