ਲਹਿਰਾਗਾਗਾ: ਪਿੰਡ ਭੂੰਦੜਭੈਣੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਿਸਾਨਾਂ ਨੂੰ ਫ਼ਸਲਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿੱਚ ਕਿਸਾਨਾਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਕੈਂਪ ਦੌਰਾਨ ਝੋਨੇ ਦੀ ਫ਼ਸਲੀ ਰਹਿੰਦ ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਵੀ ਕਰਵਾਈ ਗਈ।
ਇਸ ਮੌਕੇ ਡਾ.ਇੰਦਰਜੀਤ ਸਿੰਘ ਭੱਟੀ ਖੇਤੀਬਾੜੀ ਵਿਭਾਗ ਅਫਸਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਅਤੇ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਇੱਕ ਟਨ ਪਰਾਲੀ ਜਲਾਉਣ ਨਾਲ 400 ਕਿਲੋਗ੍ਰਾਮ ਜੈਵਿਕ ਕਾਰਬਨ, 23 ਕਿਲੋਗ੍ਰਾਮ ਪੋਟਾਸ਼, 5.5 ਕਿਲੋਗ੍ਰਾਮ ਨਾਈਟ੍ਰੋਜਨ ਅਤੇ 2 ਕਿਲੋਗ੍ਰਾਮ ਸਲਫਰ ਤੱਤ ਨਸ਼ਟ ਹੋ ਜਾਂਦੇ ਹਨ।
ਇਸ ਮੌਕੇ ਕਿਸਾਨ ਜਗਸੀਰ ਸਿੰਘ ਦੇ ਖੇਤ ਵਿੱਚ 3 ਏਕੜ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਵਾਈ। ਕਿਸਾਨ ਵੱਲੋਂ ਇਸ ਨਾਲ ਸੰਤੁਸ਼ਟੀ ਪ੍ਰਗਟ ਕਰਦਿਆਂ ਹੋਰ ਜਿਆਦਾ ਏਕੜ ਵਿੱਚ ਇਸ ਤਕਨੀਕ ਨਾਲ ਬਿਜਾਈ ਕਰਨ ਸਬੰਧੀ ਦਿਲਚਸਪੀ ਵਿਖਾਈ।
ਖੇਤੀ ਮਾਹਰਾਂ ਵੱਲੋਂ ਕਿਸਾਨਾਂ ਨੂੰ ਹਾੜੀ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਮਾਹਿਰਾਂ ਵੱਲੋਂ ਗੁਲੀ ਡੰਡੇ ਦੀ ਰੋਕਥਾਮ ਲਈ ਵੱਖ-ਵੱਖ ਸਮੇਂ 'ਤੇ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਅਤੇ ਕੈਮੀਕਲਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਸਮੇਂ ਨਦੀਨ ਉੱਗਣ ਤੋਂ ਪਹਿਲਾਂ ਰੋਕਥਾਮ ਕਰਨ ਲਈ ਪੈਂਡੀਮੈਥਾਲਿਨ 50 % ਈ.ਸੀ, ਦੀ ਸਿਫਾਰਸ਼ ਕੀਤੀ। ਇਸ ਤੋਂ ਇਲਾਵਾ ਉੱਗਣ ਤੋਂ ਬਾਅਦ ਪਾਣੀ ਲਾਉਣ ਤੋਂ ਦੋ ਤਿੰਨ ਦਿਨ ਪਹਿਲਾਂ ਸਲਫੋਸਲਫੂਰੋਨ 75 % ਡਬਲਯੂ.ਪੀ ਦੀ ਵਰਤੋਂ ਕਰਨ ਸਬੰਧੀ ਦੱਸਿਆ ਗਿਆ।
ਇਹ ਵੀ ਪੜੋ: ਸੁਪਰੀਮ ਕੋਰਟ ਵਿੱਚ ਸ਼ਿਵ ਸੈਨਾ, NCP ਅਤੇ ਕਾਂਗਰਸ ਦੀ ਪਟੀਸ਼ਨ 'ਤੇ ਸੁਣਵਾਈ ਸ਼ੁਰੂ
ਮਾਹਰਾਂ ਨੇ ਦੱਸਿਆ ਕਿ ਇੱਕ ਹੀ ਕੈਮੀਕਲ ਦੀ ਵਰਤੋਂ ਵਾਰ-ਵਾਰ ਨਾਂ ਕੀਤੀ ਜਾਵੇ ਕਿਉਂਕਿ ਇਸ ਨਾਲ ਨਦੀਨਾਂ ਵਿੱਚ ਟਾਕਰਾ ਕਰਨ ਦੀ ਸਮੱਰਥਾ ਆਉਂਦੀ ਹੈ। ਮਾਹਰਾਂ ਨੇ ਦੱਸਿਆ ਕਿ ਨਦੀਨਨਾਸ਼ਕਾਂ ਤੋਂ ਸਹੀ ਨਤੀਜੇ ਲੈਣ ਲਈ ਸਿਰਫ ਕੱਟ ਵਾਲੀ ਨੋਜ਼ਲ ਹੀ ਵਰਤੀ ਜਾਵੇ ਅਤੇ ਸਪਰੇਅ ਸਾਫ਼ ਮੌਸਮ ਵਿੱਚ ਕਰਨ ਨੂੰ ਤਰਜੀਹ ਦਿੱਤੀ ਜਾਵੇ।