ਲਹਿਰਾਗਾਗਾ: ਸੰਗਰੂਰ ਦੇ ਹਲਕਾ ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ 'ਚ ਪਿਛਲੇ ਸਾਲ ਤੋਂ ਵਿੱਤੀ ਸੰਕਟ ਚੱਲ ਰਿਹਾ ਹੈ ਜਿਸ ਕਾਰਨ ਇੰਸਟੀਚਿਊਟ ਦੇ ਸਟਾਫ਼ ਨੂੰ 14 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ। ਇਸ ਵਿੱਤੀ ਸੰਕਟ ਦੇ ਚਲਦਿਆਂ ਸਟਾਫ਼ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸਣਯੋਗ ਹੈ ਕਿ ਤਨਖ਼ਾਹ ਨਾ ਮਿਲਣ ਤੇ ਆਰਥਿਕ ਤੰਗੀ ਤੋਂ ਗੁਜ਼ਰ ਰਹੇ ਇੱਕ ਮੁਲਾਜ਼ਮ ਨੇ ਕਾਲਜ 'ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਗਨੀਮਤ ਰਹੀ ਕਿ ਅਚਾਨਕ ਉਸ ਦੀ ਰੱਸੀ ਟੁੱਟ ਗਈ। ਇਸ ਨਾਲ ਪੀੜਤ ਜ਼ਮੀਨ 'ਤੇ ਡਿੱਗ ਪਿਆ, ਜਿਸ ਨਾਲ ਉਸ ਨੂੰ ਕੁੱਝ ਹੀ ਸੱਟਾਂ ਲੱਗੀਆਂ ਹਨ। ਹੁਣ ਉਸ ਦਾ ਇਲਾਜ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ 14 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ। ਤਨਖ਼ਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਸੰਕਟ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਤਨਖ਼ਾਹ ਨਾ ਹੋਣ ਤੇ ਬੱਚਿਆਂ ਦੇ ਸਕੂਲਾਂ ਦੀਆਂ ਫ਼ੀਸਾਂ ਨਹੀਂ ਦਿੱਤੀਆਂ ਜਾ ਰਹੀਆਂ, ਬੈਂਕਾਂ ਤੋਂ ਲਏ ਕਰਜ਼ੇ ਨਹੀਂ ਭਰੇ ਜਾ ਰਹੇ ਤੇ ਘਰ ਦਾ ਗੁਜ਼ਾਰਾ ਕਰਨ ਮੁਸ਼ਕਲ ਹੋ ਗਿਆ ਹੈ। ਇਸ ਕਾਰਨ ਉਨ੍ਹਾਂ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ:ਅੰਬਾਲਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਸੜਕ ਹਾਦਸਾ, 15 ਲੋਕ ਜ਼ਖਮੀ
ਉਨ੍ਹਾਂ ਨੇ ਕਿਹਾ ਕਿ ਉਹ ਹੁਣ ਜਿਉਣਾ ਨਹੀਂ ਚਾਹੁੰਦੇ ,ਉਹ ਮਰ ਜਾਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਤੋਂ ਆਪਣੇ ਬੱਚਿਆਂ ਦਾ ਖ਼ਰਚਾ ਨਹੀਂ ਚੁਕਿਆ ਜਾ ਰਿਹਾ ਤੇ ਉਹ ਆਪਣੇ ਬੱਚਿਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਅਸਮਰਥ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਤਨਖ਼ਾਹ ਰਿਲੀਜ਼ ਨਾ ਕੀਤੀ ਤਾਂ ਉਹਦੇ ਵਰਗੇ ਹੋਰ ਕਈ ਮੁਲਾਜ਼ਮ ਅਜਿਹਾ ਕਦਮ ਚੁੱਕਣ ਲਈ ਮਜਬੂਰ ਹੋਣਗੇ। ਇਸ ਦੇ ਲਈ ਸਿੱਧੇ ਤੌਰ 'ਤੇ ਸਰਕਾਰ ਤੇ ਕਾਲਜ ਮੈਨੇਜਮੈਂਟ ਜ਼ਿੰਮੇਵਾਰ ਹੋਵੇਗੀ।