ਲਹਿਰਗਾਗਾ: ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਮੰਜ਼ਿਲ ਉੱਤੇ ਪਹੁੰਚਣ ਵਿੱਚ ਦੇਰੀ ਨਹੀਂ ਲੱਗਦੀ। ਇਸੇ ਜਜ਼ਬੇ ਨਾਲ ਅੱਗੇ ਵਧ ਰਿਹਾ ਹੈ, ਲਹਿਰਾਗਾਗਾ ਦੇ ਪਿੰਡ ਕਾਲਬੰਜਾਰਾ ਰਹਿਣ ਵਾਲਾ ਜਸ਼ਨਦੀਪ ਸਿੰਘ, ਜਿਸ ਦੇ ਦੋਵੇਂ ਹੱਥ ਨਹੀਂ ਹਨ ਅਤੇ ਇੱਕ ਪੈਰ ਵੀ ਛੋਟਾ ਹੈ। ਇਸ ਦੇ ਬਾਵਜੂਦ ਉਹ ਹਰ ਸਾਲ ਕਲਾਸ ਵਿੱਚੋਂ ਪਹਿਲੇ ਸਥਾਨ 'ਤੇ ਆਉਂਦਾ ਹੈ।
ਇੱਕ ਵਾਰ ਫਿਰ ਜਸ਼ਨਦੀਪ ਸਿੰਘ ਨੇ ਪੇਂਟਿੰਗ ਮੁਕਬਾਲਿਆਂ 'ਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਜਸ਼ਨਦੀਪ ਸਿੰਘ ਆਪਣੇ ਪਿੰਡ ਕਾਲਬੰਜਾਰਾ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 5ਵੀਂ ਜਮਾਤ ਵਿੱਚ ਪੜ੍ਹਦਾ ਹੈ।
ਜਸ਼ਨਦੀਪ ਨੇ ਦੱਸਿਆ ਉਹ ਜੱਜ ਬਣਨਾ ਚਾਹੁੰਦਾ ਹੈ। ਉਹ ਜੱਜ ਬਣ ਕੇ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੜ੍ਹਨ ਲਾਏਗਾ। ਉਸ ਨੇ ਦੱਸਿਆ ਅੰਗਰੇਜ਼ੀ ਤੇ ਹਿਸਾਬ ਉਸ ਦੇ ਮਨਪਸੰਦ ਵਿਸ਼ੇ ਹਨ।
ਮਾੜੇ ਹਾਲਾਤ ਦੇ ਬਾਵਜੂਦ ਜਸ਼ਨਦੀਪ ਦੇ ਮਾਪਿਆਂ ਨੇ ਹੌਸਲਾ ਨਹੀਂ ਛੱਡਿਆ। ਮਾਂ ਕਮਲੇਸ਼ ਕੌਰ ਦਾ ਕਹਿਣਾ ਹੈ ਕਿ ਜਦੋਂ ਜਸ਼ਨਦੀਪ ਕਾਫੀ ਛੋਟਾ ਸੀ ਤਾਂ ਲੋਕ ਕਹਿੰਦੇ ਸਨ ਕਿ ਉਹ ਕਦੇ ਸਕੂਲ ਨਹੀਂ ਜਾ ਸਕੇਗਾ। ਪਰ ਉਸ ਨੇ ਮਨ ਵਿੱਚ ਤੈਅ ਕਰ ਲਿਆ ਸੀ ਕਿ ਉਹ ਆਪਣੇ ਬੇਟੇ ਨੂੰ ਦੂਜੇ ਬੱਚਿਆਂ ਦੇ ਮੁਕਾਬਲੇ ਕਦੇ ਪਿੱਛੇ ਨਹੀਂ ਰਹਿਣ ਦੇਵੇਗੀ ਤੇ ਉਸ ਨੂੰ ਇੱਕ ਦਿਨ ਵੱਡਾ ਅਫਸਰ ਬਣਾਵੇਗੀ।
ਉਸ ਦੀ ਮਾਂ ਨੇ ਦੱਸਿਆ ਕਿ ਜਦੋਂ ਜਸ਼ਨਦੀਪ 3 ਸਾਲ ਦਾ ਸੀ ਤਾਂ ਉਸ ਨੇ ਉਸ ਨੂੰ ਘਰ ਵਿੱਚ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਪੈਰਾਂ ਨਾਲ ਲਿਖਣ ਦੀ ਸਿਖਲਾਈ ਦਿੱਤੀ। ਸਕੂਲ ਜਾਣ ਤੋਂ ਪਹਿਲਾਂ ਜਸ਼ਨਦੀਪ ਪੜ੍ਹਾਈ ਲਈ ਤਿਆਰ ਸੀ। ਉਹ ਰੋਜ਼ਾਨਾ ਜਸ਼ਨਦੀਪ ਨੂੰ ਸਕੂਲ ਛੱਡ ਕੇ ਤੇ ਲੈ ਕੇ ਆਉਂਦੀ ਹੈ। ਜਸ਼ਨਦੀਪ ਤੋਂ ਡੇਢ ਸਾਲ ਛੋਟਾ ਭਰਾ ਅਰਸ਼ਦੀਪ ਬੈਗ ਵਿੱਚੋਂ ਕਿਤਾਬਾਂ ਬਾਹਰ ਕੱਢਣ ਤੇ ਹੋਰ ਕੰਮਾਂ ਵਿੱਚ ਉਸ ਦੀ ਮਦਦ ਕਰਦਾ ਹੈ।