ਮਲੇਰਕੋਟਲਾ: ਕੋਰੋਨਾ ਵਾਇਰਸ ਦੇ ਚੱਲਦਿਆਂ ਪਹਿਲਾਂ ਸੂਬੇ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ। ਇੱਥੋਂ ਤੱਕ ਕਿ ਕਈ ਕੋਚਿੰਗ ਦੇਣ ਵਾਲੀਆਂ ਪ੍ਰਾਈਵੇਟ ਤੇ ਸਰਕਾਰੀ ਸੰਸਥਾਵਾਂ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਹੋਏ, ਪਰ ਹੁਣ ਜਿਨ੍ਹਾਂ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਕਾਲਜਾਂ ਦੇ ਵਿੱਚ ਇਮਤਿਹਾਨ ਚੱਲ ਰਹੇ ਸਨ ਉਨ੍ਹਾਂ 'ਤੇ ਵੀ ਰੋਕ ਲਗਾ ਦਿੱਤੀ ਹੈ। ਇਹ ਹੁਕਮ ਕਦੋਂ ਤੱਕ ਜਾਰੀ ਰਹਿਣਗੇ, ਹਾਲੇ ਤੱਕ ਕੁਝ ਪਤਾ ਨਹੀਂ, ਪਰ ਸਿੱਖਿਆ ਵਿਭਾਗ ਦਾ ਇਹ ਕਦਮ ਕੋਰੋਨਾ ਵਾਇਰਸ ਨੂੰ ਰੋਕਣ ਲਈ ਹੈ, ਜਿਸ ਵਿੱਚ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ ਬੰਦ ਕਰਨ ਦੇ ਨਿਰਦੇਸ਼ ਜਾਰੀ ਹੋਏ ਹਨ।
ਇਸ ਨੂੰ ਲੈ ਕੇ ਮਲੇਰਕੋਟਲਾ ਦੇ ਵੀ ਸਰਕਾਰੀ ਸਕੂਲ ਤੇ ਗੈਰ ਸਰਕਾਰੀ ਸਕੂਲ ਬੰਦ ਹੀ ਨਜ਼ਰ ਆਏ। ਇਸ ਮੌਕੇ ਸਰਕਾਰੀ ਸਕੂਲਾਂ ਦੇ ਵਿੱਚ ਕਈ ਅਧਿਆਪਕ ਤੇ ਮੁੱਖ ਅਧਿਆਪਕ ਮੌਜੂਦ ਸਨ, ਜਿਨ੍ਹਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੱਸਿਆ ਕਿ ਉਹ ਸਕੂਲ ਅੰਦਰ ਵਿਭਾਗੀ ਜਾਣਕਾਰੀ ਦੇਣ ਲਈ ਬੈਠੇ ਹਨ ਤਾਂ ਜੋ ਵਿਦਿਆਰਥੀ ਕਿਸੇ ਭੰਬਲਭੂਸੇ ਵਿੱਚ ਨਾ ਪੈਣ ਅਤੇ ਉਨ੍ਹਾਂ ਨੂੰ ਸਿੱਧੀ ਵਿਭਾਗ ਵੱਲੋਂ ਦੀ ਹੋਈ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।
ਨਾਲ ਹੀ ਅਧਿਆਪਕਾਂ ਦਾ ਇਹ ਵੀ ਕਹਿਣਾ ਹੈ ਕਿ ਪੜ੍ਹਾਈ ਜਾਂ ਫਿਰ ਇਮਤਿਹਾਨ ਤਾਂ ਬਾਅਦ ਦੀਆਂ ਗੱਲਾਂ ਹਨ, ਪਹਿਲਾਂ ਤਾਂ ਜ਼ਿੰਦਗੀ ਬਚਾਉਣਾ ਸਭ ਦਾ ਫਰਜ਼ ਹੈ, ਸਰਕਾਰ ਜੋ ਕਰ ਰਹੀ ਹੈ ਉਸ ਨੂੰ ਮੰਨਣਾ ਸਾਡਾ ਫਰਜ਼ ਹੈ। ਇਸ ਕਰਕੇ ਜੋ ਸਰਕਾਰ ਦਿਸ਼ਾ ਨਿਰਦੇਸ਼ ਦਿੰਦੀ ਹੈ ਉਸ ਦੀ ਪਾਲਣਾ ਹਰ ਇੱਕ ਵਿਅਕਤੀ ਨੂੰ ਕਰਨੀ ਚਾਹੀਦੀ ਹੈ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਸਭ ਹਿਦਾਇਤਾਂ ਦੇ ਬਾਵਜੂਦ ਸਰਕਾਰੀ ਤੰਤਰ ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ 'ਚ ਕਦੋਂ ਤੱਕ ਕਾਮਯਾਬ ਹੁੰਦਾ ਹੈ।