ਸੰਗਰੂਰ: ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਪਿੰਡ ਬੱਲਰਾ ਵਿਖੇ ਜੁਰਮਾਨਾ ਵਸੂਲਣ ਲਈ ਪਿੰਡ ਪਹੁੰਚੇਂ ਬਿਜਲੀ ਮੁਲਾਜ਼ਮਾਂ ਦਾ ਘਿਰਾਓ ਕੀਤਾ। ਲਹਿਰਾਗਾਗਾ ਦੇ ਪਿੰਡ ਬੱਲਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਜੁਰਮਾਨਾ ਵਸੂਲਣ ਲਈ ਪਿੰਡ ਪਹੁੰਚੇਂ ਬਿਜਲੀ ਮੁਲਾਜ਼ਮਾਂ ਦਾ ਪਿੰਡ ਵਾਸੀਆਂ ਨੇ ਘਿਰਾਓ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਵੱਲੋਂ ਜੁਰਮਾਨਾ ਕੀਤਾ ਗਿਆ ਹੈ।
ਬਿਜਲੀ ਅਧਿਕਾਰੀਆਂ ਤੇ ਪਿੰਡ ਵਾਸੀਆਂ ਵਿਚਾਲੇ ਰੇੜਕਾ : ਕਿਸਾਨ ਆਗੂ ਬਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦੇ ਚੱਲ ਰਹੇ ਵਿਵਾਦ ਸਬੰਧੀ ਪਿੰਡ ਬੱਲਰਾਂ ਦੇ ਕਿਸਾਨਾਂ ਵਲੋ ਬੀਕੇਯੂ ਏਕਤਾ ਅਜ਼ਾਦ ਦੀ ਅਗਵਾਈ ਹੇਠ ਪਿੰਡ ਵਿੱਚ ਘਿਰਾਓ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਕਿਸਾਨ ਆਗੂ ਮੱਖਣ ਸਿੰਘ ਨੇ ਕਿਹਾ ਕਿ ਪਹਿਲਾਂ ਬਿਜਲੀ ਲੋਡ ਵਧਾਉਣ ਲਈ ਖੁਦ ਬੁਲਾਇਆ ਗਿਆ ਸੀ। ਪਿਛਲੇ ਸਾਲ ਬਿਜਲੀ ਬੋਰਡ ਵੱਲੋਂ ਪਿੰਡ ਵਾਸੀਆਂ ਨੂੰ ਘਰੇਲ਼ੂ ਵਰਤੋਂ ਵਿੱਚ ਬਿਜਲੀ ਦੀ ਵੱਧ ਪਾਵਰ ਹੋਣ ਦੇ ਨਾਮ ਹੇਠ ਜੁਰਮਾਨੇ ਪਾਏ ਗਏ ਸਨ।
ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਕੋਈ ਉੱਚ ਅਧਿਕਾਰੀ ਆ ਕੇ ਗੱਲ ਨਹੀਂ ਕਰਦਾ, ਅਸੀਂ ਪ੍ਰਦਰਸ਼ਨ ਕਰਾਂਗੇ। ਉਨ੍ਹਾਂ ਕਿਹਾ ਜਿਹੜਾ ਬੰਦਾ ਕੁੰਡੀ ਲਾ ਰਿਹਾ ਹੈ, ਉਸ ਨੂੰ ਦੱਸਿਆ ਜਾਵੇ ਕਿ ਉਸ ਨੂੰ ਜ਼ੁਰਮਾਨਾ ਲਾਇਆ ਗਿਆ ਹੈ। ਤਾਂ, ਜੋ ਉਹ ਉਸੇ ਵੇਲ੍ਹੇ ਜ਼ੁਰਮਾਨੇ ਦਾ ਭੁਗਤਾਨ ਕਰ ਸਕਣ।
ਇਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਮੂਨਕ ਦਫ਼ਤਰ ਦਾ ਘਿਰਾਓ ਕੀਤਾ ਗਿਆ ਜਿਸ ਦੇ ਚੱਲਦਿਆਂ ਅਧਿਕਾਰੀਆਂ ਨੇ ਇਸ ਮਸਲੇ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਫਿਰ ਮਹਿਕਮੇ ਦੇ ਅਧਿਕਾਰੀ ਪਿੰਡ ਵਾਸੀਆਂ ਤੋਂ ਜੁਰਮਾਨਾ ਵਸੂਲਣ ਲਈ ਪਿੰਡ ਪਹੁੰਚੇਂ ਸਨ ਜਿਸ ਦਾ ਘਿਰਾਓ ਕੀਤਾ ਗਿਆ ਹੈ।
ਅਫ਼ਸਰ ਗੱਲ ਕਰਨ ਫਿਰ ਜਾਣ ਦਿਆਂਗੇ: ਬਿਜਲੀ ਮੁਲਾਜ਼ਮ ਸੁਰੇਸ਼ ਕੁਮਾਰ ਨੇ ਕਿਹਾ ਕਿ ਸਾਨੂੰ ਬਿਜਲੀ ਮੁਲਾਜ਼ਮਾਂ ਨੇ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਨੂੰ ਇੱਥੇ ਘਿਰਾਉ ਕਰਕੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਬਿਜਲੀ ਚੋਰੀ ਫੜ੍ਹਨ ਆਏ ਸੀ। ਸਾਨੂੰ ਇਹ ਵੀ ਨਹੀਂ ਪਤਾ ਕਿ ਕਿੰਨੀਆਂ ਕੁੰਡੀਆਂ ਫੜ੍ਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਪਿੰਡ ਵਾਸੀ ਕਹਿ ਰਹੇ ਹਨ ਕਿ ਜਦੋਂ ਤੱਕ ਬਿਜਲੀ ਮਹਿਕਮੇ ਦੇ ਅਫਸਰ ਆ ਕੇ ਗੱਲ ਨਹੀਂ ਕਰਦੇ, ਇਹ ਸਾਨੂੰ ਜਾਣ ਨਹੀਂ ਦੇਣਗੇ।