ਮਲੇਰਕੋਟਲਾ: ਪੁਲਿਸ ਅਤੇ ਖੇਤੀਬਾੜੀ ਵਿਭਾਗ ਦੀ ਸਾਂਝੀ ਟੀਮ ਵੱਲੋਂ ਖੇਤੀਬਾੜੀ 'ਚ ਇਸਤੇਮਾਲ ਹੋਣ ਵਾਲੀਆਂ ਨਕਲੀ ਦਵਾਈਆਂ ਵੇਚਣ ਵਾਲੇ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਹ ਵਿਅਕਤੀ ਸਸਤੇ ਰੇਟ 'ਤੇ ਦਿੱਲੀ ਤੋਂ ਨਕਲੀ ਦਵਾਈਆਂ ਲਿਆ ਕੇ ਪੰਜਾਬ 'ਚ ਵੇਚਦਾ ਸੀ। ਮਲੇਰਕੋਟਲਾ ਪੁਲਿਸ ਵੱਲੋਂ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ ਸੀ। ਇਸ ਸਾਂਝੇ ਅਪਰੇਸ਼ਨ ਦੌਰਾਨ ਉਕਤ ਵਿਅਕਤੀ ਕੋਲੋਂ 1000 ਕਿਲੋਗ੍ਰਾਮ ਨਕਲੀ ਦਵਾਈ ਸਮੇਤ ਸਮੁੰਦਰੀ ਮਿੱਟੀ, ਹਰਾ ਰੰਗ ਅਤੇ ਨਿੰਮ ਦਾ ਤੇਲ ਬਰਾਮਦ ਹੋਇਆ ਸੀ।
ਇਹ ਵੀ ਪੜ੍ਹੋ: ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ, ਖੋਲ੍ਹੇ ਗਏ ਭਾਖੜਾ ਡੈਮ ਦੇ ਫਲੱਡ ਗੇਟ
ਡੀ.ਐਸ.ਪੀ. ਸੁਮਿਤ ਸੂਦ ਵੱਲੋਂ ਦੱਸਿਆ ਗਿਆ ਕਿ ਇੱਕ ਛਾਪੇਮਾਰੀ ਦੌਰਾਨ 1000 ਕਿੱਲੋ ਗ੍ਰਾਮ ਨਕਲੀ ਕੀੜੇ ਮਾਰ ਦਵਾਈ ਸਮੇਤ ਹੋਰ ਸਮੱਗਰੀ ਵੀ ਬ੍ਰਾਮਦ ਕੀਤੀ ਗਈ। ਇਹ ਦਵਾਈ ਭੋਲੇ-ਭਾਲੇ ਕਿਸਾਨਾਂ ਨੂੰ ਅਸਲੀ ਦਵਾਈ ਦੱਸ ਕੇ ਵੇਚ ਦਿੱਤੀ ਜਾਂਦੀ ਸੀ। ਤਫਤੀਸ਼ ਮਗਰੋਂ ਦਵਾਈ ਵੇਚਣ ਵਾਲੇ ਦੋਸ਼ੀ ਅਮਿਤ ਜੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਕਲੀ ਕੀਟਨਾਸ਼ਕ ਦਵਾਈ ਨੂੰ ਤਿਆਰ ਕਰਨ ਵਾਲੇ ਇੱਕ ਨਿਅਕਤੀ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਗ੍ਰਿਫ਼ਤਾਰੀ ਨਾਲ ਇੱਕ ਵੱਡੇ ਕੀਟਨਾਸ਼ਕ ਰੈਕਟ ਦਾ ਭਾਂਡਾ ਫੋੜ ਹੋਇਆ ਹੈ ਜੋ ਗਰੀਬ ਅਤੇ ਭੋਲੇ-ਭਾਲੇ ਕਿਸਾਨਾਂ ਨੂੰ ਲੁੱਟਦੇ ਹਨ।
ਡੀ.ਐਸ.ਪੀ. ਸੂਦ ਨੇ ਕਿਹਾ ਕਈ ਵਿਅਕਤੀ ਉਧਾਰ ਸਮਾਨ ਲੈਂਦੇ ਹਨ ਅਤੇ ਜ਼ਿਆਦਾਤਰ ਦਵਾਈਆਂ ਦੀ ਗੁਣਵੱਤਾ ਨੂੰ ਨਹੀਂ ਦੇਖਦੇ ਇਸ ਲਈ ਉਹ ਨਕਲੀ ਸਮਾਨ ਖ਼ਰੀਦ ਲੈਂਦੇ ਹਨ। ਕਿਸਾਨ ਯੂਨੀਆਨ ਦੇ ਆਗੂ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ ਪੁਲਿਸ ਅਤੇ ਖੇਤੀਬਾੜੀ ਵਿਭਾਗ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਪਰ ਅਜਿਹੇ ਹੋਰ ਵਿਅਕਤੀਆਂ ਦੀ ਭਾਲ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਲੋੜ ਹੈ ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਨਾ ਹੋਣ।