ਸੰਗਰੂਰ: ਜ਼ਿਲ੍ਹਾ ਦੇ ਅਧੀਨ ਆਉਦੇ ਪਿੰਡ ਭੱਟੀਆਂ ਖੁਰਦ ਦਾ ਕਿਸਾਨ ਗੁਰਚਰਨ ਸਿੰਘ ਚੀਮਾ 52 ਸਾਲ ਟਿੱਕਰੀ ਬਾਰਡਰ 'ਤੇ ਚੱਲ ਰਹੇ ਧਰਨੇ ਦੌਰਾਨ ਦੌਰਾ ਪੈਣ ਕਾਰਨ ਸ਼ਹੀਦ ਹੋ ਗਏ। ਸੰਸਕਾਰ ਮੌਕੇ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਸਤਿਕਾਰ ਸਹਿਤ ਸ਼ਾਲ ਭੇਂਟ ਕੀਤੀ ਗਈ। ਇਸ ਸਬੰਧੀ ਮ੍ਰਿਤਕ ਕਿਸਾਨ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਕਿਸਾਨ ਗੁਰਚਰਨ ਸਿੰਘ ਚੀਮਾ ਦਿੱਲੀ ਧਰਨੇ ਵਿੱਚ ਥੋੜ੍ਹੇ ਸਮੇਂ ਬਾਅਦ ਹੀ ਅਕਸਰ ਹੋਰਨਾਂ ਕਿਸਾਨਾਂ ਨਾਲ ਜਾਂਦਾ ਰਹਿੰਦਾ ਸੀ।
ਉਨ੍ਹਾਂ ਕਿਹਾ ਕਿ ਇਸ ਕਰਕੇ ਉਹ ਹੁਣ ਵੀ ਮਿਤੀ 8 ਮਾਰਚ ਨੂੰ ਦਿੱਲੀ ਕੁੰਡਲੀ ਬਾਰਡਰ 'ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਅਤੇ ਉਸੇ ਦਿਨ ਰਾਤ ਨੂੰ ਧਰਨੇ ਵਿੱਚ ਬੈਠੇ ਹੀ ਉਸ ਨੂੰ ਅਚਾਨਕ ਦੌਰਾ ਪੈ ਗਿਆ। ਉਨ੍ਹਾਂ ਕਿਹਾ ਕਿ ਇਸ ਕਾਰਨ ਉਨ੍ਹਾਂ ਨੂੰ ਵਾਪਸ ਲਿਆ ਕੇ ਪਟਿਆਲਾ ਹਾਰਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਜਿੱਥੋਂ ਉਸ ਨੂੰ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ। ਰਜਿੰਦਰਾਂ ਹਸਪਤਾਲ ਵਿੱਚ ਉਸਨੂੰ ਕੋਰੋਨਾ ਦਾ ਟੈਸਟ ਕਰਨ ਲਈ ਸੈਂਪਲ ਲੈਂਦੇ ਸਮੇਂ ਹੀ ਉਸਦੀ ਮੌਤ ਹੋ ਗਈ। ਇਸ ਦਾ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਪੂਰੇ ਸਨਮਾਨ ਸਹਿਤ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਮੈਟਰੋਪੋਲੀਟਨ ਮੈਜਿਸਟਰੇਟ ਨੇ ਕੰਗਨਾ ਵਿਰੁੱਧ ਕਾਰਵਾਈ ਨੂੰ ਲੈ ਕੇ ਦਿੱਲੀ ਪੁਲਿਸ ਤੋਂ ਮੰਗਿਆ ਜਵਾਬ
ਇਸ ਮੌਕੇ ਕਿਸਾਨ ਯੂਨੀਅਨ ਰਾਜੇਵਾਲ ਦੀ ਪੇੰਡੂ ਇਕਾਈ ਭੱਟੀਆਂ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦੇ ਤਿੰਨ ਛੋਟੇ ਬੱਚੇ ਹਨ ਜੋ ਅਜੇ ਪੜ੍ਹਦੇ ਹਨ ਤੇ ਸਰਕਾਰ ਪਰਿਵਾਰ ਨੂੰ ਉਚਿਤ ਮੁਆਵਜਾ ਦੇਵੇ। ਸਵਰਨ ਸਿੰਘ ਸਾਬਕਾ ਸਰਪੰਚ ਨੇ ਕਿਹਾ ਕਿ ਮ੍ਰਿਤਕ ਕਿਸਾਨ ਸਿਰ ਬਹੁਤ ਭਾਰੀ ਕਰਜ਼ਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਦਾ ਕਰਜ਼ਾ ਮੁਆਫ਼ ਕਰਕੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਕਿ ਪਰਿਵਾਰ ਦਾ ਗੁਜ਼ਾਰਾ ਹੋ ਸਕੇ।