ਮਾਲੇਰਕੋਟਲਾ: ਕਹਿੰਦੇ ਹਨ ਕਿ ਖਿਡਾਰੀ ਹਰ ਦੇਸ਼ ਦਾ ਸਰਮਾਇਆ ਹੁੰਦੇ ਹਨ। ਖਿਡਾਰੀ ਆਪਣੇ ਦੇਸ਼ ਦਾ ਨਾਂਅ ਚਮਕਾਉਣ ਦੇ ਲਈ ਦਿਨ-ਰਾਤ ਮਿਹਨਤ ਕਰਦੇ ਹਨ, ਪਰ ਜਦੋਂ ਉਨ੍ਹਾਂ ਨੂੰ ਦੇਸ਼ ਦੇ ਪ੍ਰਸ਼ਾਸਨ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ ਤਾਂ ਖਿਡਾਰੀਆਂ ਦਾ ਮਨੋਬਲ ਡਿੱਗ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਦੇ ਕਸਬਾ ਅਮਰਗੜ੍ਹ ਤੋਂ ਸਾਹਮਣੇ ਆਇਆ ਹੈ।
ਅਮਰਗੜ੍ਹ ਦੇ ਨਾਲ ਲੱਗਦੇ ਪਿੰਡ ਮੁਹੰਮਦਪੁਰਾ ਦਾ ਰਹਿਣ ਵਾਲਾ ਮੁਹੰਮਦ ਯਾਸਿਰ ਜਿਸ ਦੀ ਕਿ ਬਚਪਨ ਵਿੱਚ ਹੀ ਬਾਂਹ ਕੱਟ ਗਈ ਸੀ। ਜਿਸ ਤੋਂ ਬਾਅਦ ਮੁਹੰਮਦ ਯਾਸਿਰ ਦਾ ਮਨ ਪੜ੍ਹਾਈ ਨਾਲੋਂ ਵਧੇਰੇ ਖੇਡਾਂ ਵਿੱਚ ਲੱਗਣ ਲੱਗ ਗਿਆ, ਜਿਸ ਕਰਕੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਖੇਡਣ ਲੱਗ ਗਿਆ ਅਤੇ ਉਸ ਨੂੰ ਮੈਦਾਨ ਨਾਲ ਪਿਆਰ ਹੋ ਗਿਆ।
ਮੁਹੰਮਦ ਯਾਸਿਰ ਇੱਕ ਚੰਗਾ ਐਥਲੀਟ ਹੈ ਅਤੇ 15 ਦੇਸ਼ਾਂ ਵਿੱਚ ਜਾ ਕੇ ਉਹ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕਿਆ ਹੈ। ਏਨਾ ਹੀ ਨਹੀਂ ਬਲਕਿ ਆਪਣੇ ਨਾਂਅ ਕਈ ਰਿਕਾਰਡ ਵੀ ਬਣਾ ਚੁੱਕਿਆ ਹੈ। ਮੁਹੰਮਦ ਯਾਸਰ ਦਾ ਭਾਵੇਂ ਇੱਕ ਹੱਥ ਨਹੀਂ, ਪਰ ਉਸ ਦੀ ਘਾਟ ਕਦੇ ਵੀ ਮਹਿਸੂਸ ਨਹੀਂ ਹੋਈ।
ਤੁਹਾਨੂੰ ਦੱਸ ਦਈਏ ਕਿ ਮੁਹੰਮਦ ਯਾਸਿਰ ਆਮ ਖਿਡਾਰੀਆਂ ਵਾਂਗ ਹੀ ਕਸਰਤ ਕਰਦਾ ਹੈ, ਹੱਥ ਮਿਲਾਉਂਦਾ ਹੈ ਅਤੇ ਚੰਗੀ ਖੇਡ ਖੇਡਦਾ ਹੈ। ਮੁਹੰਮਦ ਯਾਸਿਰ ਨੇ 2018 ਦੀਆਂ ਏਸ਼ੀਅਨ ਪੈਰਾ ਗੇਮਾਂ ਦੇ ਵਿੱਚ ਭਾਗ ਲਿਆ ਅਤੇ ਇਨ੍ਹਂ ਗੇਮਾਂ ਵਿੱਚ ਤਾਂਬੇ ਦਾ ਤਮਗ਼ਾ ਆਪਣੇ ਨਾਂਅ ਕੀਤਾ, ਜਿਸ ਤੋਂ ਬਾਅਦ ਪਿੰਡ ਪਰਤਣ ਉੱਤੇ ਪੂਰੇ ਪਿੰਡ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਸੀ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇ ਕੋਈ ਵੀ ਖਿਡਾਰੀ ਏਸ਼ੀਅਨ ਗੇਮਾਂ ਵਿੱਚ ਜਿੱਤ ਕੇ ਆਵੇਗਾ, ਉਸ ਨੂੰ ਬਣਦਾ ਸਨਮਾਨ ਜ਼ਰੂਰ ਦਿੱਤਾ ਜਾਵੇਗਾ।
ਮੁਹੰਮਦ ਯਾਸਿਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਜਿੱਤ ਕੇ ਆਏ ਨੂੰ 2 ਸਾਲ ਹੋ ਗਏ ਹਨ, ਪਰ ਹਾਲੇ ਤੱਕ ਵੀ ਪੰਜਾਬ ਸਰਕਾਰ ਵੱਲੋਂ ਉਸ ਨੂੰ ਕੋਈ ਵੀ ਮਾਨ-ਸਨਮਾਨ ਨਹੀਂ ਦਿੱਤਾ ਗਿਆ ਹੈ।
ਯਾਸਿਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਐਲਾਨ ਮੁਤਾਬਕ 50 ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਪਰ ਉਸ ਨੂੰ ਇਹ ਸਭ ਲੈਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ।
ਯਾਸਿਰ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਨੇ ਕਰਜ਼ਾ ਚੁੱਕ ਕੇ ਇਸ ਮੁਕਾਮ ਤੱਕ ਪਹੁੰਚਾਇਆ ਹੈ, ਪਰ ਹੁਣ ਉਨ੍ਹਾਂ ਦੇ ਪਰਿਵਾਰ ਦੇ ਵੀ ਹੱਥ ਖੜੇ ਹਨ। ਸਰਕਾਰ ਦੇ ਇਸ ਤਰ੍ਹਾਂ ਦੇ ਰਵੱਈਏ ਕਾਰਨ ਉਹ ਅਤੇ ਉਸ ਦੇ ਪਰਿਵਾਰ ਵਾਲੇ ਵੀ ਮਾਯੂਸ ਹੋ ਗਏ ਹਨ।
ਮੁਹੰਮਦ ਯਾਸਿਰ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਸ ਨੂੰ ਉਸ ਦਾ ਹੱਕ ਦਿੱਤਾ ਜਾਵੇ, ਜਿਸ ਨੂੰ ਲੈ ਕੇ ਖੇਡ ਵਿਭਾਗ ਦੋ ਸਾਲਾਂ ਤੋਂ ਲਾਰੇ ਲਾਉਂਦਾ ਆ ਰਿਹਾ ਹੈ।