ਲਹਿਰਾਗਾਗਾ: ਸੰਗਰੂਰ ਦੇ ਲੋਂਗੋਵਾਲ ਵਿੱਚ ਵਾਪਰੇ ਦਰਦਨਾਕ ਵੈਨ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਦਿਖਾਈ ਦੇ ਰਿਹਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਪ੍ਰਾਈਵੇਟ ਸਕੂਲਾਂ ਦੀਆਂ 17 ਬੱਸਾਂ ਥਾਣੇ ਵਿੱਚ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਬੱਸਾਂ ਚ ਬੱਚਿਆਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ। ਓਵਰਲੋਡ ਸਨ, ਬਹੁਤਿਆਂ ਕੋਲ ਅੱਗ ਬੁਝਾਊ ਯੰਤਰ ਨਹੀਂ ਸਨ, ਫਰਸਟ ਏਡ ਬੌਕਸ ਤੇ ਸੀਸੀਟੀਵੀ ਕੈਮਰੇ ਵੀ ਨਹੀਂ ਸਨ।
ਕੁੱਝ ਡਰਾਈਵਰਾਂ ਕੋਲ ਤਾਂ ਲਾਈਸੈਂਸ ਵੀ ਨਹੀਂ ਮਿਲਿਆ। ਡਰਾਈਵਰ ਵਰਦੀ ਚ ਵੀ ਨਹੀਂ ਸਨ ਜਿਸ ਤੋਂ ਅਜਿਹੀਆਂ ਬੱਸਾਂ ਥਾਣੇ ਲਿਆਂਦੀਆਂ ਗਈਆਂ ਤੇ ਇਨ੍ਹਾਂ ਸਕੂਲਾਂ ਤੇ ਡਰਾਈਵਰਾਂ ਵਿਰੁੱਧ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਫੜੀ ਗਈ ਸਕੂਲ ਬੱਸ ਦੇ ਇੱਕ ਡਰਾਈਵਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਰੀਆਂ ਬੱਸਾਂ ਦੇ ਕਾਗਜ਼ਾਤ ਹਨ ਪਰ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਰੱਖਿਆ ਜਾਂਦਾ ਹੈ ਕਿਉਂਕਿ ਬੱਸਾਂ ਅਕਸਰ ਕਿਸੇ ਪਿੰਡ ਜਾਂ ਬਾਹਰ ਜਾਂਦੀਆਂ ਹਨ ਤੇ ਚੋਰੀ ਦੇ ਡਰ ਕਾਰਨ ਕਾਗਜ਼ਾਤ ਬੱਸ ਚ ਨਹੀਂ ਰੱਖੇ ਜਾਂਦੇ। ਉਨ੍ਹਾਂ ਕਿਹਾ ਕਿ ਉਹ ਜਲਦੀ ਸਾਰੇ ਕਾਗਜ਼ਾਤ ਪੁਲਿਸ ਅੱਗੇ ਪੇਸ਼ ਕਰਨਗੇ।
ਜਾਂਚ ਅਧਿਕਾਰੀ ਨੇ ਕਿਹਾ ਕਿ ਅਸੀਂ ਇਨ੍ਹਾਂ ਸਾਰਿਆਂ ਖ਼ਿਲਾਫ਼ ਕਾਰਵਾਈ ਕਰ ਰਹੇ ਹਾਂ। ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ, ਜੇ ਉਨ੍ਹਾਂ ਦੇ ਕਾਗਜ਼ਾਤ ਮਿਲ ਗਏ ਤਾਂ ਛੱਡ ਦਿੱਤਾ ਜਾਵੇਗਾ ਪਰ ਜਿਹੜੀਆਂ ਬੱਸਾਂ ਫਸਟ ਏਡ ਕਿੱਟਾਂ, ਅੱਗ ਬੁਝਾਊ ਯੰਤਰਾਂ, ਸੀਸੀਟੀਵੀ ਕੈਮਰੇ ਤੇ ਸਮਰੱਥਾ ਤੋਂ ਜ਼ਿਆਦਾ ਭਾਰ ਲੈ ਕੇ ਚੱਲ ਰਹੀਆਂ ਸਨ। ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ 15 ਫਰਵਰੀ ਨੂੰ ਪਿੰਡ ਲੋਂਗੋਵਾਲ ਕੋਲ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ। ਇੱਕ ਚੱਲਦੀ ਸਕੂਲ ਵੈਨ ਨੂੰ ਅੱਗ ਲੱਗ ਗਈ ਸੀ ਤੇ 4 ਬੱਚੇ ਜ਼ਿੰਦਾ ਸੜ੍ਹ ਗਏ ਸਨ। ਡਰਾਈਵਰ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਵੈਨ ਚਲਾ ਰਿਹਾ ਸੀ।