ਸੰਗਰੂਰ: 11 ਪੰਜਾਬਣਾਂ ਇਸ ਵੇਲੇ ਓਮਾਨ ਦੇ ਸ਼ਹਿਰ ਮਸਕਟ 'ਚ ਫਸੀਆਂ ਹੋਈਆਂ ਹਨ। ਆਪਣੇ ਬੱਚਿਆਂ ਤੇ ਪਰਿਵਾਰ ਦਾ ਭਵਿੱਖ ਸੰਵਾਰਨ ਲਈ ਇਹ ਮੁਟਿਆਰਾਂ ਵਿਦੇਸ਼ ਕਮਾਉਣ ਲਈ ਗਈਆਂ ਸਨ ਪਰ ਏਜੰਟਾਂ ਦੀ ਠੱਗੀ ਕਾਰਨ ਇਹ ਉਥੇ ਫਸ ਗਈਆਂ ਹਨ। ਇਨ੍ਹਾਂ ਤੋਂ ਅਣਮਨੁੱਖੀ ਤਰੀਕੇ ਨਾਲ ਕੰਮ ਲਿਆ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ। ਇਹ 11 ਔਰਤਾਂ ਇਸ ਵੇਲੇ ਮਸਕਟ ਦੀ ਭਾਰਤੀ ਅੰਬੈਸੀ 'ਚ ਹਨ ਪਰ ਇਨ੍ਹਾਂ ਦਾ ਕਹਿਣਾ ਹੈ ਕਿ ਅੰਬੈਂਸੀ ਵੱਲੋਂ ਮਦਦ ਨਹੀਂ ਕੀਤੀ ਜਾ ਰਹੀ। ਮੁਸੀਬਤ 'ਚ ਫਸੀਆਂ ਇਨ੍ਹਾਂ ਦੁਖਿਆਰਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਵਾਪਸ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਇਨ੍ਹਾਂ ਔਰਤਾਂ ਦੀ ਮਦਦ ਲਈ ਅੱਗੇ ਆਈ ਹੈ। ਇੱਕ ਪਾਸੇ ਭਗਵੰਤ ਮਾਨ ਨੇ ਜਿਥੇ ਇਹ ਮਸਲਾ ਲੋਕ ਸਭਾ 'ਚ ਚੁੱਕਿਆ ਉਥੇ ਹੀ ਅਮਨ ਅਰੋੜਾ ਨੇ ਸੂਬਾ ਸਰਕਾਰ ਤੇ ਨਿਸ਼ਾਨੇ ਵੀ ਵਿੰਨ੍ਹੇ। ਉਨ੍ਹਾਂ ਕਿਹਾ ਕਿ ਸਰਕਾਰ ਠੱਗ ਏਜੰਟਾਂ ਨੂੰ ਨੱਥ ਪਾਉਣ ਚ ਨਾਕਾਮ ਸਾਬਤ ਹੋਈ ਹੈ। ਦੂਜਾ ਰੁਜ਼ਗਾਰ ਨਾ ਹੋਣਾ, ਪੰਜਾਬੀਆਂ ਦੇ ਵਿਦੇਸ਼ ਜਾਣ ਦਾ ਵੱਡਾ ਕਾਰਨ ਹੈ।
ਅਜਿਹੀਆਂ ਕਈ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ, ਲੋਕ ਟਰੈਵਲ ਏਜੰਟਾਂ ਦੇ ਝਾਂਸੇ 'ਚ ਆ ਕੇ ਵਿਦੇਸ਼ ਚਲੇ ਜਾਂਦੇ ਹਨ ਤੇ ਫਿਰ ਉਥੇ ਉਨ੍ਹਾਂ ਦੀ ਜ਼ਿੰਦਗੀ ਨਰਕ ਵਰਗੀ ਬਣ ਜਾਂਦੀ ਹੈ ਬੇਸ਼ੱਕ ਕਸੂਰ ਸਰਕਾਰਾਂ ਦਾ ਵੀ ਹੈ ਪਰ ਸਵਾਲ ਇਹ ਵੀ ਹੈ ਕਿ ਲੋਕ ਅਜਿਹੀਆਂ ਘਟਨਾਵਾਂ ਤੋਂ ਸਬਕ ਕਿਉਂ ਨਹੀਂ ਲੈਂਦੇ।