ਮੁਹਾਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਰਫਿਊ ਲਾਇਆ ਗਿਆ ਹੈ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ, ਸਿਹਤ ਵਿਭਾਗ, ਸਫਾਈ ਸੇਵਕ ਤੇ ਪੱਤਰਕਾਰਾਂ ਵੱਲੋਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਇਸ ਔਖੇ ਸਮੇਂ ਦੌਰਾਨ ਸੇਵਾਵਾਂ ਨਿਭਾ ਰਹੇ ਅਧਿਕਾਰੀਆਂ, ਸਫਾਈ ਸੇਵਕਾਂ ਪੁਲਿਸ ਮੁਲਾਜ਼ਮ ਤੇ ਪੱਤਰਕਾਰਾਂ ਨੂੰ ਕੁਰਾਲੀ ਵਿਖੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਵੱਲੋਂ ਸਨਮਾਨਤ ਕੀਤਾ ਗਿਆ।
ਇਸ ਮੌਕੇ ਖਰੜ ਦੇ ਐਸਡੀਐਮ ਹਿਮਾਂਸ਼ੂ ਜੈਨ ਖ਼ਾਸ ਤੌਰ 'ਤੇ ਪੁਜੇ। ਇਸ ਦੌਰਾਨ ਐਸਡੀਐਮ ਹਿਮਾਂਸ਼ੂ ਜੈਨ ਨੇ ਸਫਾਈ ਸੇਵਕਾਂ ਨੂੰ ਪ੍ਰਸ਼ੰਸਾ ਪੱਤਰ ਵੀ ਵੰਡੇ। ਮੀਡੀਆ ਨਾਲ ਗੱਲਬਾਤ ਕਰਦਿਆਂ ਐਸਡੀਐਮ ਨੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਸਨਮਾਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਰਫਿਊ ਦੇ ਦੌਰਾਨ ਸੇਵਾਵਾਂ ਦੇ ਰਹੇ ਡਾਕਟਰਾਂ, ਸਫਾਈ ਸੇਵਕਾਂ, ਪੁਲਿਸ ਅਧਿਕਾਰੀਆਂ ਤੇ ਪੱਤਰਕਾਰਾਂ ਦੀ ਸ਼ਲਾਘਾ ਕੀਤੀ। ਐਸਡੀਐਮ ਨੇ ਸਥਾਨਕ ਲੋਕਾਂ ਨੂੰ ਘਰ 'ਚ ਰਹਿ ਕੇ, ਸੁਰੱਖਿਤ ਰਹਿਣ, ਹੱਥਾਂ ਨੂੰ ਸਾਫ ਰੱਖਣ ਤੇ ਸੋਸ਼ਲ ਡਿਸਟੈਂਸ ਬਣਾਏ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਲੋਕਾਂ ਨੂੰ ਕਰਫਿਊ ਦੀ ਪਾਲਣਾ ਕਰਦੇ ਹੋਏ ਪ੍ਰਸ਼ਾਸਨ ਤੇ ਸੂਬਾ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਕੋਰੋਨਾ ਵਿਰੁੱਧ ਜੰਗ ਨੂੰ ਜਿੱਤਿਆ ਜਾ ਸਕੇ।
ਇਸ ਸਨਮਾਨ ਸਮਾਰੋਹ ਦਾ ਆਯੋਜਨ ਕਰਨ ਵਾਲੇ ਐਸਸੀ ਵਿੰਗ ਦੇ ਜਨਰਲ ਸਕੱਤਰ ਰਾਜਪਾਲ ਬੇਗੜਾ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਕੋਰੋਨਾ ਦੀ ਸਥਿਤੀ 'ਤੇ ਕਾਬੂ ਪਾਉਣ ਲਈ ਕਈ ਉਪਰਾਲੇ ਕਰ ਰਹੀ ਹੈ ਤੇ ਸਾਨੂੰ ਸਭ ਨੂੰ ਆਪਣੇ ਘਰਾਂ 'ਚ ਰਹਿੰਦੇ ਹੋਏ, ਕਰਫਿਊ ਦੀ ਪਾਲਣਾ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਮੰਨਣਾ ਚਾਹੀਦਾ ਹੈ।